ਨਗਰ ਕੌਂਸਲ ਦਫ਼ਤਰ ਵਿੱਚ ਰਾਤ ਭਰ ਹੰਗਾਮਾ, ਐਸਡੀਓ ਸਰਵਿਸ ਬੁੱਕ ਲਈ ਰਿਕਾਰਡ ਰੂਮ ਵਿੱਚ ਡਟਿਆ

Latest News: ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿੱਚ ਦੇਰ ਰਾਤ ਤੱਕ ਤਣਾਅਪੂਰਨ ਹਾਲਾਤ ਬਣੇ ਰਹੇ, ਜਿੱਥੇ ਐਸਡੀਓ ਨਰੇਸ਼ ਸ਼ਰਮਾ ਨੇ ਰਿਕਾਰਡ ਰੂਮ ਵਿੱਚ ਬੈਠ ਕੇ ਪ੍ਰਦਰਸ਼ਨ ਕੀਤਾ। ਐਸਡੀਓ ਦਾ ਕਹਿਣਾ ਸੀ ਕਿ ਜਦ ਤੱਕ ਉਸ ਨੂੰ ਉਸ ਦੀ ਸਰਵਿਸ ਬੁੱਕ ਨਹੀਂ ਦਿੱਤੀ ਜਾਂਦੀ, ਉਹ ਦਫ਼ਤਰ ਨਹੀਂ ਛੱਡੇਗਾ। ਐਸਡੀਓ ਨਰੇਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ […]
Khushi
By : Updated On: 28 Jan 2026 08:48:AM
ਨਗਰ ਕੌਂਸਲ ਦਫ਼ਤਰ ਵਿੱਚ ਰਾਤ ਭਰ ਹੰਗਾਮਾ, ਐਸਡੀਓ ਸਰਵਿਸ ਬੁੱਕ ਲਈ ਰਿਕਾਰਡ ਰੂਮ ਵਿੱਚ ਡਟਿਆ

Latest News: ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਦਫ਼ਤਰ ਵਿੱਚ ਦੇਰ ਰਾਤ ਤੱਕ ਤਣਾਅਪੂਰਨ ਹਾਲਾਤ ਬਣੇ ਰਹੇ, ਜਿੱਥੇ ਐਸਡੀਓ ਨਰੇਸ਼ ਸ਼ਰਮਾ ਨੇ ਰਿਕਾਰਡ ਰੂਮ ਵਿੱਚ ਬੈਠ ਕੇ ਪ੍ਰਦਰਸ਼ਨ ਕੀਤਾ। ਐਸਡੀਓ ਦਾ ਕਹਿਣਾ ਸੀ ਕਿ ਜਦ ਤੱਕ ਉਸ ਨੂੰ ਉਸ ਦੀ ਸਰਵਿਸ ਬੁੱਕ ਨਹੀਂ ਦਿੱਤੀ ਜਾਂਦੀ, ਉਹ ਦਫ਼ਤਰ ਨਹੀਂ ਛੱਡੇਗਾ।

ਐਸਡੀਓ ਨਰੇਸ਼ ਸ਼ਰਮਾ ਨੇ ਦੋਸ਼ ਲਗਾਇਆ ਕਿ ਉਸ ਦੀ ਗੈਰਹਾਜ਼ਰੀ ਵਿੱਚ ਬੈਕ ਡੇਟ ਵਿੱਚ ਕਿਸੇ ਹੋਰ ਅਧਿਕਾਰੀ ਦੀ ਨਿਯੁਕਤੀ ਕੀਤੀ ਜਾ ਰਹੀ ਹੈ, ਜਦਕਿ ਉਸ ਦਾ ਤਬਾਦਲਾ ਹਾਲੇ ਤੱਕ ਕਿਤੇ ਵੀ ਨਹੀਂ ਹੋਇਆ ਅਤੇ ਉਸ ਕੋਲ ਨਗਰ ਕੌਂਸਲ ਵਿੱਚ ਕੰਮ ਕਰਨ ਦੇ ਪੱਕੇ ਆਰਡਰ ਹਨ। ਹਾਲੇ ਤੱਕ ਉਹਨਾਂ ਨੂੰ ਕਿਸੇ ਕਿਸਮ ਦੇ ਤਬਾਦਲੇ ਦੇ ਆਰਡਰ ਮਸੂਲ ਨਹੀਂ ਹੋਏ। 

ਉਨ੍ਹਾਂ ਦੱਸਿਆ ਕਿ ਦਫਤਰ ਦੇ ਕਰਮਚਾਰੀ ਉਸ ਨੂੰ ਕਹਿ ਰਹੇ ਹਨ ਕਿ ਉਹ ਰਿਲੀਵ ਹੋ ਚੁੱਕਾ ਹੈ ਅਤੇ ਘਰ ਚਲਾ ਜਾਵੇ, ਪਰ ਉਸ ਨੂੰ ਖਦਸ਼ਾ ਹੈ ਕਿ ਉਸ ਦੀ ਸਰਵਿਸ ਬੁੱਕ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

ਐਸਡੀਓ ਨੇ ਇਹ ਵੀ ਕਿਹਾ ਕਿ ਨਗਰ ਕੌਂਸਲ ਦਫਤਰ ਵਿੱਚ ਚੱਲ ਰਹੀਆਂ ਬੇਨਿਯਮੀਆਂ ਖ਼ਿਲਾਫ਼ ਆਵਾਜ਼ ਉਠਾਉਣ ਦਾ ਉਸ ਨੂੰ ਭੁਗਤ ਖਮਿਆਜ਼ਾ ਭੁਗਤਣਾ ਪੈ ਰਿਹਾ ਹੈ, ਪਰ ਸੱਚ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ। ਉਸ ਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਉੱਚ ਅਧਿਕਾਰੀਆਂ ਨੂੰ ਕਈ ਸ਼ਿਕਾਇਤਾਂ ਭੇਜ ਚੁੱਕਾ ਹੈ ਅਤੇ ਉਸ ਨੂੰ ਖਦਸ਼ਾ ਹੈ ਕਿ ਉਹਨਾਂ ਸ਼ਿਕਾਇਤਾਂ ਦੇ ਰਿਕਾਰਡ ਨਾਲ ਵੀ ਛੇੜਛਾੜ ਹੋ ਸਕਦੀ ਹੈ।

ਹਾਲਾਤਾਂ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁਲਿਸ ਵੀ ਪਹੁੰਚ ਗਈ। ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ, ਜਿਸ ਤੋਂ ਬਾਅਦ ਉਹ ਜਾਂਚ ਕਰਨ ਲਈ ਦਫਤਰ ਪਹੁੰਚੇ ਹਨ। ਮਾਮਲੇ ਦੀ ਪੂਰੀ ਜਾਣਕਾਰੀ ਲੈਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਦੂਜੇ ਪਾਸੇ, ਪੱਤਰਕਾਰਾਂ ਵੱਲੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨਾਲ ਫੋਨ ’ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਅਧਿਕਾਰੀ ਦਾ ਤਬਾਦਲਾ ਹੁੰਦਾ ਹੈ, ਉਸ ਦੀ ਸਰਵਿਸ ਬੁੱਕ ਨਵੀਂ ਜੁਆਇਨਿੰਗ ਵਾਲੀ ਥਾਂ ਭੇਜ ਦਿੱਤੀ ਜਾਂਦੀ ਹੈ। ਉਨ੍ਹਾਂ ਮੁਤਾਬਕ ਨਰੇਸ਼ ਸ਼ਰਮਾ ਨੂੰ ਇੱਥੋਂ ਰਿਲੀਵ ਕੀਤਾ ਜਾ ਚੁੱਕਾ ਹੈ, ਪਰ ਪਤਾ ਨਹੀਂ ਕਿਉਂ ਉਹ ਦਫਤਰ ਵਿੱਚ ਅੜ ਕੇ ਬੈਠੇ ਹੋਏ ਹਨ।

ਈਓ ਬਲਜੀਤ ਸਿੰਘ ਬਿਲਗਾ ਨੇ ਇਹ ਵੀ ਕਿਹਾ ਕਿ ਜੇਕਰ ਨਰੇਸ਼ ਸ਼ਰਮਾ ਸਵੇਰੇ ਲਿਖਤੀ ਅਰਜ਼ੀ ਭੇਜ ਦੇਣ, ਤਾਂ ਉਹ ਖੁਦ ਉਨ੍ਹਾਂ ਨੂੰ ਹੱਥੀਂ ਉਨ੍ਹਾਂ ਦੀ ਸਰਵਿਸ ਬੁੱਕ ਸੌਂਪ ਦੇਣਗੇ।

ਫਿਲਹਾਲ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦਫਤਰ ਵਿੱਚ ਹੋਏ ਹੰਗਾਮੇ ਨੂੰ ਲੈ ਕੇ ਸ਼ਹਿਰ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਅਗਲੀ ਕਾਰਵਾਈ ਦੀ ਉਡੀਕ ਕੀਤੀ ਜਾ ਰਹੀ ਹੈ।

Read Latest News and Breaking News at Daily Post TV, Browse for more News

Ad
Ad