ਚੋਰਾਂ ਨੇ ਕਿਸਾਨ ਪਰਿਵਾਰ ਨੂੰ ਬਣਾਇਆ ਨਿਸ਼ਾਨਾ, ਕਰੋੜਾਂ ਦਾ ਸੋਨਾ ਤੇ ਲੱਖਾਂ ਦੀ ਨਕਦੀ ਲੈਕੇ ਹੋਏ ਫਰਾਰ, ਪੁਲਿਸ ਜਾਂਚ ਸ਼ੁਰੂ
Amritsar robbery Jandiala Guru; ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਣਪਛਾਤੇ ਚੋਰ ਇੱਕ ਕਿਸਾਨ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਘਰ ਵਿੱਚ ਕੋਈ ਬੇਹੋਸ਼ੀ ਵਾਲੀ ਦਵਾਈ ਜਾਂ ਸਪਰੇਅ ਵਰਤੀ ਹੋ ਸਕਦੀ ਹੈ, ਜਿਸ ਕਾਰਨ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਘਟਨਾ ਦੀ ਭਿਣਕ ਤੱਕ ਨਹੀਂ ਲੱਗੀ।
ਪੀੜਤ ਘਰ ਦੇ ਮੁਖੀ ਬਲਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਰਾਤ ਕਰੀਬ 12 ਵਜੇ ਤੱਕ ਸਭ ਕੁਝ ਆਮ ਸੀ। ਪਰਿਵਾਰ ਦੇ ਮੈਂਬਰ ਆਪਣੇ ਰੋਜ਼ਾਨਾ ਕੰਮਕਾਜ ਮਗਰੋਂ ਸੌਂ ਗਏ ਸਨ। ਸਵੇਰੇ ਕਰੀਬ 5 ਵਜੇ ਜਦੋਂ ਉਹ ਉੱਠੇ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਜਦੋਂ ਅੰਦਰ ਜਾ ਕੇ ਦੇਖਿਆ ਗਿਆ ਤਾਂ ਅਲਮਾਰੀਆਂ, ਸੰਦੂਕ ਅਤੇ ਬ੍ਰੀਫਕੇਸ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ।
ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰ ਘਰ ਵਿੱਚ ਰੱਖਿਆ ਲਗਭਗ 40 ਤੋਂ 45 ਤੋਲੇ ਸੋਨਾ ਅਤੇ ਕਰੀਬ 5 ਲੱਖ ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਉਨ੍ਹਾਂ ਅਨੁਸਾਰ ਇਹ ਨਕਦੀ ਖੇਤੀਬਾੜੀ ਸਬਸਿਡੀ ਅਤੇ ਟਰੈਕਟਰ ਖਰੀਦਣ ਲਈ ਇਕੱਠੀ ਕੀਤੀ ਗਈ ਸੀ। ਪਰਿਵਾਰ ਦਾ ਕਾਫ਼ੀ ਸੋਨਾ ਵਿਦੇਸ਼ ਵਿੱਚ ਰਹਿੰਦੇ ਪੁੱਤਰ, ਵਿਆਹੀ ਧੀ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਸੰਬੰਧਿਤ ਸੀ, ਜੋ ਸੁਰੱਖਿਆ ਲਈ ਘਰ ਵਿੱਚ ਰੱਖਿਆ ਹੋਇਆ ਸੀ।
ਪਰਿਵਾਰ ਦੀ ਮੈਂਬਰ ਗੁਰਦੀਪ ਕੌਰ ਨੇ ਦੱਸਿਆ ਕਿ ਚੋਰਾਂ ਨੇ ਘਰ ਦਾ ਕੋਈ ਵੀ ਕੋਨਾ ਨਹੀਂ ਛੱਡਿਆ। ਸਾਰੀਆਂ ਅਲਮਾਰੀਆਂ ਅਤੇ ਸੰਦੂਕਾਂ ਨੂੰ ਤੋੜ ਕੇ ਕੀਮਤੀ ਸਮਾਨ ਖੰਗਾਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਸਾਲਾਂ ਦੀ ਮਿਹਨਤ ਦੀ ਕਮਾਈ ਸੀ ਜੋ ਇੱਕ ਹੀ ਰਾਤ ਵਿੱਚ ਲੁੱਟ ਲਈ ਗਈ। ਉਨ੍ਹਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮੌਕੇ ਅਮਰ ਸਿੰਘ ਨੇ ਕਿਹਾ ਕਿ ਇਹ ਚੋਰੀ ਇੱਕ ਸੁਨਿਯੋਜਿਤ ਸਾਜ਼ਿਸ਼ ਲੱਗਦੀ ਹੈ। ਉਨ੍ਹਾਂ ਅਨੁਸਾਰ ਚੋਰਾਂ ਨੂੰ ਘਰ ਦੀ ਬਣਤਰ ਅਤੇ ਸਮਾਨ ਦੀ ਸਹੀ ਜਾਣਕਾਰੀ ਸੀ। ਉਨ੍ਹਾਂ ਕਿਹਾ ਕਿ ਰਾਤ ਸਮੇਂ ਪੁਲਿਸ ਗਸ਼ਤ ਦੀ ਘਾਟ ਕਾਰਨ ਅਜਿਹੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਵਿੱਚ ਅਸੁਰੱਖਿਆ ਦੀ ਭਾਵਨਾ ਵੱਧ ਰਹੀ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਕਰੀਬ 45 ਤੋਲੇ ਸੋਨਾ ਅਤੇ 5 ਲੱਖ ਰੁਪਏ ਨਕਦ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ ਹਨ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੇ ਭਰੋਸਾ ਦਿਵਾਇਆ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਕਾਨੂੰਨ ਦੇ ਕਟਘਰੇ ਵਿੱਚ ਖੜ੍ਹਾ ਕੀਤਾ ਜਾਵੇਗਾ।