ਬਰਨਾਲਾ ’ਚ ਇਕ ਹਫ਼ਤੇ ਅੰਦਰ ਕਤਲ ਦੀ ਤੀਜੀ ਵਾਰਦਾਤ, ਭੂਆ ਦੇ ਮੁੰਡੇ ਨੇ ਕੀਤਾ ਮਾਮੇ ਦੇ ਮੁੰਡੇ ਦਾ ਕਤਲ
Third murder in Barnala within a week; ਬਰਨਾਲਾ: ਬਰਨਾਲਾ ਜ਼ਿਲ੍ਹੇ ਵਿੱਚ ਇਕ ਹਫ਼ਤੇ ਅੰਦਰ ਕਤਲ ਦੀ ਤੀਜੀ ਵਾਰਦਾਤ ਸਾਹਮਣੇ ਆਈ ਹੈ। ਇਨ੍ਹਾਂ ਤਿੰਨਾਂ ਮਾਮਲਿਆਂ ਵਿੱਚ ਕਥਿਤ ਤੌਰ ’ਤੇ ਕਤਲ ਕਰਨ ਵਾਲੇ ਪੀੜਤਾਂ ਦੇ ਆਪਣੇ ਹੀ ਰਿਸ਼ਤੇਦਾਰ ਹਨ। ਤਾਜ਼ਾ ਮਾਮਲਾ ਪਿੰਡ ਸੇਖਾ ਦਾ ਹੈ, ਜਿੱਥੇ ਇਕ 25 ਸਾਲਾ ਨੌਜਵਾਨ ਨੂੰ ਉਸ ਦੇ ਭੂਆ ਦੇ ਮੁੰਡੇ ਵੱਲੋਂ ਸਾਥੀਆਂ ਨਾਲ ਮਿਲ ਕੇ ਅਗਵਾ ਕਰਨ ਅਤੇ ਕਤਲ ਕਰਨ ਦਾ ਦੋਸ਼ ਹੈ।
ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ (25), ਪੁੱਤਰ ਰਾਜ ਸਿੰਘ, ਵਾਸੀ ਪਿੰਡ ਸੇਖਾ, ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉਹ ਬਰਨਾਲਾ ਦੇ ਇਕ ਨਸ਼ਾ ਛੁਡਾਊ ਕੇਂਦਰ ਵਿੱਚ ਪੀਆਰਓ (PRO) ਵਜੋਂ ਕੰਮ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ, 16 ਅਕਤੂਬਰ ਦੀ ਸ਼ਾਮ ਨੂੰ ਡਿਊਟੀ ਖ਼ਤਮ ਕਰਨ ਤੋਂ ਬਾਅਦ ਗੁਰਦੀਪ ਸਿੰਘ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਿਹਾ ਸੀ। ਇਸ ਦੌਰਾਨ ਕਥਿਤ ਤੌਰ ’ਤੇ ਉਸ ਨੂੰ ਉਸ ਦੇ ਭੂਆ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ।
ਘਟਨਾ ਤੋਂ ਤਿੰਨ ਦਿਨ ਬਾਅਦ ਗੁਰਦੀਪ ਸਿੰਘ ਦੀ ਲਾਸ਼ ਸਹਿਣਾ ਨਹਿਰ ਨੇੜਿਓਂ ਬਰਾਮਦ ਹੋਈ। ਇਸ ਮਾਮਲੇ ਸਬੰਧੀ ਡੀਐੱਸਪੀ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਦਿੱਤੀ ਜਾਵੇਗੀ।