ਰਾਏਕੋਟ ਇਲਾਕੇ ਵਿੱਚ ਟਰਾਂਸਫਾਰਮਰ ਚੋਰੀਆਂ ਦਾ ਸਿਲਸਿਲਾ ਜਾਰੀ, ਕਿਸਾਨ ਪਰੇਸ਼ਾਨ
Raikot transformer theft; ਰਾਏਕੋਟ ਦੇ ਪਿੰਡ ਰੂਪਾਪੱਤੀ ਤੋਂ ਤਲਵੰਡੀ ਰਾਏ ਵਾਲੀ ਸੜਕ ਨੇੜੇ ਸਥਿਤ ਖੇਤਾਂ ਵਿੱਚ ਬੀਤੀ ਰਾਤ ਚੋਰਾਂ ਨੇ ਦੋ ਕਿਸਾਨਾਂ ਦੀਆਂ ਮੋਟਰਾਂ ‘ਤੇ ਲੱਗੇ ਬਿਜਲੀ ਸਪਲਾਈ ਟਰਾਂਸਫਾਰਮਰ ਚੋਰੀ ਕਰ ਲਏ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪ੍ਰਭਾਵਿਤ ਕਿਸਾਨਾਂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਲੱਖੋਵਾਲ ਦੇ ਬਲਾਕ ਪ੍ਰਧਾਨ ਕਮਲਜੀਤ ਸਿੰਘ ਰੂਪਾਪੱਤੀ, ਲਛਮਣ ਸਿੰਘ ਬੁਰਜ ਨਕਲੀਆਂ, ਸੁਖਮਿੰਦਰ ਸਿੰਘ ਉਮਰਪੁਰਾ, ਮਨਜਿੰਦਰ ਸਿੰਘ ਤਲਵੰਡੀ ਅਤੇ ਜਗਦੀਪ ਸਿੰਘ ਦੀਪਾ ਨੇ ਦੱਸਿਆ ਕਿ ਇਲਾਕੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਇੱਕ ਚੋਰ ਗਿਰੋਹ ਸਰਗਰਮ ਹੈ ਜੋ ਖੇਤਾਂ ਵਿੱਚ ਲੱਗੇ ਬਿਜਲੀ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਕੜਕੜੀ ਸ਼ਾਹ ਫੀਡਰ ਤੋਂ ਚੱਲ ਰਹੇ ਖੇਤਾਂ ਵਿੱਚ ਕਿਸਾਨ ਦਿਲਬਾਗ ਸਿੰਘ ਦੀ ਮੋਟਰ ‘ਤੇ ਲੱਗਿਆ 100 ਕੇਵੀ ਅਤੇ ਕਿਸਾਨ ਲਛਮਣ ਸਿੰਘ ਦੀ ਮੋਟਰ ‘ਤੇ ਲੱਗਿਆ 63 ਕੇਵੀ ਟਰਾਂਸਫਾਰਮਰ ਤੋੜ ਕੇ ਅੰਦਰੋਂ ਕੀਮਤੀ ਸਮਾਨ ਅਤੇ ਤੇਲ ਚੋਰੀ ਕਰ ਲਿਆ। ਇਸ ਤੋਂ ਇਲਾਵਾ, ਕਿਸਾਨ ਸੁਖਵਿੰਦਰ ਸਿੰਘ ਦੀ ਮੋਟਰ ਵਾਲੇ ਕੋਠੇ ਦਾ ਤਾਲਾ ਤੋੜ ਕੇ ਦੋ ਸਪਰੇਅ ਪੰਪ ਅਤੇ ਸਬਮਰਸੀਬਲ ਮੋਟਰ ਦੀ ਕੇਬਲ ਵੀ ਚੋਰੀ ਕਰ ਲਈ ਗਈ।
ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਵਿੱਚ ਇਸ ਇਲਾਕੇ ਵਿੱਚ ਕਰੀਬ 15 ਟਰਾਂਸਫਾਰਮਰ ਚੋਰੀ ਹੋ ਚੁੱਕੇ ਹਨ। ਉਨ੍ਹਾਂ ਨੇ ਕਈ ਵਾਰ ਰਾਏਕੋਟ ਪੁਲਿਸ ਅਤੇ ਪਾਵਰਕਾਮ ਅਧਿਕਾਰੀਆਂ ਕੋਲ ਸ਼ਿਕਾਇਤਾਂ ਦਰਜ ਕਰਵਾਈਆਂ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋਈ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਹੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਹੁਣ ਇਹ ਚੋਰੀਆਂ ਉਨ੍ਹਾਂ ‘ਤੇ ਹੋਰ ਵੱਡਾ ਬੋਝ ਬਣ ਰਹੀਆਂ ਹਨ।
ਇਸ ਸਬੰਧੀ ਜਦੋਂ ਪਾਵਰਕਾਮ ਸਬ-ਡਿਵੀਜ਼ਨ ਰਾਏਕੋਟ ਦੇ ਐਸਡੀਓ ਕੁਲਦੀਪ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟਰਾਂਸਫਾਰਮਰ ਚੋਰੀਆਂ ਨੂੰ ਰੋਕਣ ਲਈ ਵਿਭਾਗ ਵੱਲੋਂ ਠੋਸ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ ਪੰਜਾਬ ਪੁਲਿਸ ਨੂੰ ਵੀ ਸ਼ਿਕਾਇਤਾਂ ਭੇਜ ਕੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕੀਤੀ ਗਈ ਹੈ।