Mohali News: ਪੰਜਾਬ ਦੇ ਹਾਲਾਤ ਇਸ ਸਮੇਂ ਦਿਨੋਂ ਦਿਨ ਖ਼ਰਾਬ ਹੁੰਦੇ ਜਾ ਰਹੇ ਹਨ। ਬਦਮਾਸ਼ਾਂ ਦੇ ਹੌਂਸਲੇ ਇਸ ਕਦਰ ਬੁਲੰਦ ਨਜ਼ਰ ਆ ਰਹੇ ਹਨ ਕਿ ਉਨ੍ਹਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਵੱਡੀ ਤੋਂ ਵੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਤੋਂ ਸਾਫ ਨਜ਼ਰ ਆ ਰਿਹਾ ਹੈ ਕਿ ਬਦਮਾਸ਼ਾਂ ਨੂੰ ਹੁਣ ਪੁਲਿਸ ਦੀ ਕਾਰਵਾਈ ਤੇ ਕਾਨੂੰਨ ਵਿਵਸਥਾ ਦਾ ਖੌਫ ਬਿਲਕੁੱਲ ਨਹੀਂ ਰਿਹਾ ਹੈ।
ਦੱਸ ਦਈਏ ਕਿ ਆਏ ਦਿਨ ਬਦਮਾਸ਼ਾਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦੀ ਵਾਰਦਾਤ ਨੂ੍ੰ ਅੰਜਾਮ ਦਿੱਤਾ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਹੈ ਜਿੱਥੇ ਸਿੱਖ ਹੈਰੀਟੇਜ ਐਂਡ ਕਲਚਰਲ ਸੋਸਾਇਟੀ (ਰਜਿ) ਵੱਲੋਂ ਮੁਹਾਲੀ ਦੇ ਬਲੌਂਗੀ ਸਥਿਤ ਸਿੱਖ ਅਜਾਇਬ ਘਰ ਵਿੱਚ ਭੰਨਤੋੜ ਕੀਤੀ ਗਈ। ਇਸ ਹਮਲੇ ਮਗਰੋਂ ਇਲਾਕੇ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਦੂਜੇ ਪਾਸੇ ਅਣਪਛਾਤੇ ਬਦਮਾਸ਼ਾਂ ਵੱਲੋਂ ਸਿੱਖ ਅਜਾਇਬ ਘਰ ਦੇ ਬਾਹਰ ਅਤੇ ਅੰਦਰ ਕਾਫੀ ਭੰਨਤੋੜ ਕੀਤੀ ਗਈ ਹੈ। ਸਿੱਖ ਅਜਾਇਬ ਘਰ ਦੇ ਫਾਂਊਡਰ ਅਤੇ ਪ੍ਰਧਾਨ ਪਰਵਿੰਦਰ ਸਿੰਘ ਆਰਟਿਸਟ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਸਿੱਖ ਅਜਾਇਬ ਘਰ ’ਚ ਫੰਡਾਂ ਦੀ ਘਾਟ ਹੋਣ ਕਾਰਨ ਸੁਰੱਖਿਆ ਕਰਮੀਆਂ ਨੂੰ ਇੱਥੇ ਤੈਨਾਤ ਕਰਨ ’ਚ ਉਹ ਅਸਮਰਥ ਹਨ।
ਕਾਬਿਲੇਗੌਰ ਹੈ ਕਿ ਪਰਵਿੰਦਰ ਸਿੰਘ ਵੱਲੋਂ ਪਿਛਲੇ 12 ਸਾਲਾਂ ਤੋਂ ਬਲੌਂਗੀ ਦੀ ਸ਼ਾਮਲਾਟ ਜ਼ਮੀਨ ‘ਤੇ ਸਥਿਤ ਸਿੱਖ ਅਜਾਇਬ ਘਰ ਦੀ ਸੇਵਾ ਨਿਭਾਈ ਜਾ ਰਹੀ ਹੈ। ਸੰਗਤਾਂ ਦੇ ਸਹਿਯੋਗ ਅਤੇ ਆਪਣੇ ਰਿਹਾਸ਼ੀ ਪਿੰਡ ਬਟੇਰਲਾ ‘ਚ ਕੁੱਝ ਕਮਰਿਆਂ ਨੂੰ ਕਿਰਾਏ ‘ਤੇ ਚੜ੍ਹਾ ਜੋ ਪੈਸੇ ਇਕੱਠੇ ਹੁੰਦੇ ਨੇ ਉਨ੍ਹਾਂ ਨਾਲ ਪਰਵਿੰਦਰ ਸਿੰਘ ਇਸ ਅਜਾਇਬ ਘਰ ਨੂੰ ਮਾਲੀ ਸਹਾਇਤਾ ਪ੍ਰਦਾਨ ਕਰ ਰਹੇ ਹਨ।