ਇਨਸਾਫ਼ ਲਈ ਅਨੌਖਾ ਪ੍ਰਦਰਸ਼ਨ, ਹਾਈਵੋਲਟੇਜ ਬਿਜਲੀ ਦੇ ਖੰਭੇ ‘ਤੇ ਚੜ੍ਹਿਆ ਨੌਜਵਾਨ, ਪੁਲਿਸ ਨੇ ਮੁਸ਼ੱਕਤ ਨਾਲ ਬਚਾਈ ਜਾਨ
Punjab News; ਮੋਗਾ ਦੇ ਕੋਟਕਪੂਰਾ ਬਾਈਪਾਸ ‘ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸੁਖਵਿੰਦਰ ਸਿੰਘ ਨਾਮ ਦਾ ਨੌਜਵਾਨ 66 KV ਬਿਜਲੀ ਵਾਲੀ ਤਾਰਾਂ ਵਾਲੇ ਖੰਭੇ ‘ਤੇ ਚੜ੍ਹ ਗਿਆ ਅਤੇ ਆਪਣੇ ਛੋਟੇ ਭਰਾ ਲਈ ਇਨਸਾਫ਼ ਮੰਗਣ ਲੱਗਾ।
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਬਾਈਪਾਸ ‘ਤੇ ਇੱਕ ਘਰ ਵਿੱਚ ਚੋਰੀ ਦੀ ਵਾਰਦਾਤ ਹੋਈ ਅਤੇ ਜਦੋਂ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਮੰਗਲਵਾਰ 5 ਅਗਸਤ ਨੂੰ ਪੁਲਿਸ ਨੇ ਚੋਰੀ ਦੇ ਮਾਮਲੇ ਦੀ ਜਾਂਚ ਲਈ ਸੁਖਵਿੰਦਰ ਸਿੰਘ ਦੇ ਛੋਟੇ ਭਰਾ ਬਬਲੂ ਜੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਪਰਿਵਾਰ ਦਾ ਕਹਿਣਾ ਹੈ ਕਿ ਬਬਲੂ ਦੀ ਚੋਰੀ ਵਿੱਚ ਕੋਈ ਭੂਮਿਕਾ ਨਹੀਂ ਸੀ ਅਤੇ ਨਾ ਹੀ ਉਹ ਕਿਤੇ ਵੀ ਸੀਸੀਟੀਵੀ ਵਿੱਚ ਦਿਖਾਈ ਦਿੱਤਾ। ਪੁਲਿਸ ਨੇ ਉਸਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਅਤੇ ਕੁੱਟਮਾਰ ਵੀ ਕੀਤੀ।
ਪਰਿਵਾਰ ਨੇ ਐਸਐਸਪੀ ਨੂੰ ਵੀ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪੁਲਿਸ ਨੇ ਕੇਸ ਵੀ ਦਰਜ ਨਹੀਂ ਕੀਤਾ ਅਤੇ ਉਸਨੂੰ ਗੈਰ-ਕਾਨੂੰਨੀ ਤੌਰ ‘ਤੇ ਰੱਖਿਆ। ਪੁਲਿਸ ਅਤੇ ਜਿਨ੍ਹਾਂ ਲੋਕਾਂ ਦੇ ਘਰ ਚੋਰੀ ਹੋਈ ਸੀ, ਉਨ੍ਹਾਂ ਨੇ ਪੈਸੇ ਦੀ ਮੰਗ ਕੀਤੀ। ਜਦੋਂ ਪਰਿਵਾਰ ਨੂੰ ਕਿਸੇ ਪਾਸਿਓਂ ਤੋਂ ਇਨਸਾਫ਼ ਮਿਲਦਾ ਨਜ਼ਰ ਨਹੀਂ ਆਇਆ, ਤਾਂ ਇਨਸਾਫ਼ ਦੀ ਗੁਹਾਰ ਲਗਾਉਣ ਅਤੇ ਇਨਸਾਫ਼ ਲੈਣ ਲਈ, ਬਬਲੂ ਦਾ ਵੱਡਾ ਭਰਾ ਸੁਖਵਿੰਦਰ 70 ਫੁੱਟ ਉੱਚੇ 66 ਕੇਵੀ ਬਿਜਲੀ ਦੇ ਖੰਭੇ ‘ਤੇ ਚੜ੍ਹ ਗਿਆ।
ਇਸਦੀ ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਫਾਇਰ ਬ੍ਰਿਗੇਡ ਨੂੰ ਵੀ ਬੁਲਾਇਆ। ਇਸ ਸਮੇਂ ਰੋਡ ‘ਤੇ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਡੀਐਸਪੀ ਗੁਰਪ੍ਰੀਤ ਸਿੰਘ ਨੇ ਪਹਿਲਾਂ ਸੁਖਵਿੰਦਰ ਦੇ ਭਰਾ ਬਬਲੂ ਨੂੰ ਰਿਹਾਅ ਕਰਵਾਇਆ ਅਤੇ ਫਿਰ ਉਸਦਾ ਬਿਆਨ ਲੈਣ ਤੋਂ ਬਾਅਦ, ਲਗਭਗ ਦੋ ਘੰਟਿਆਂ ਬਾਅਦ ਸੁਖਵਿੰਦਰ ਨੂੰ ਹੇਠਾਂ ਉਤਾਰ ਮਾਮਲਾ ਸ਼ਾਂਤ ਕੀਤਾ। ਡੀਐਸਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਿਆਨ ਦਰਜ ਕਰ ਲਏ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।