ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ ਨਹੀਂ ਰਹੇ
- ਉੱਤਰਾਖੰਡ ਦੇ ਪੰਚੂਰ ਪਿੰਡ ਸਥਿਤ ਪੈਤ੍ਰਿਕ ਘਰ ਵਿੱਚ ਹੋਇਆ ਦੇਹਾਂਤ
- ਪੌੜੀ ਦੇ ਐੱਸਐੱਸਪੀ ਅਤੇ ਜ਼ਿਲ੍ਹਾ ਸੂਚਨਾ ਅਧਿਕਾਰੀ ਨੇ ਕੀਤੀ ਪੁਸ਼ਟੀ
ਯੂਪੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮਾਤਾ ਸਾਵਿਤਰੀ ਦੇਵੀ ਦਾ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਉੱਤਰਾਖੰਡ ਦੇ ਪੌੜੀ ਗੜ੍ਹਵਾਲ ਜ਼ਿਲ੍ਹੇ ਦੇ ਪੰਚੂਰ ਪਿੰਡ ਵਿੱਚ ਸਥਿਤ ਆਪਣੇ ਪੈਤ੍ਰਿਕ ਘਰ ਵਿਖੇ ਆਖਰੀ ਸਾਹ ਲਏ। ਪੌੜੀ ਦੇ ਐੱਸਐੱਸਪੀ ਸਰਵੇਸ਼ ਕੁਮਾਰ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਵਿਤਰੀ ਦੇਵੀ ਦਾ ਪੰਚੂਰ ਪਿੰਡ ਵਿੱਚ ਹੀ ਦੇਹਾਂਤ ਹੋਇਆ। ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਡਾਕਟਰ ਨੂੰ ਵੀ ਬੁਲਾਇਆ ਗਿਆ ਸੀ। ਜ਼ਿਲ੍ਹਾ ਸੂਚਨਾ ਅਧਿਕਾਰੀ ਯੋਗੇਸ਼ ਪੋਖਰਿਆਲ ਨੇ ਵੀ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਸਾਵਿਤਰੀ ਦੇਵੀ ਲੰਬੇ ਸਮੇਂ ਤੋਂ ਆਪਣੇ ਪੈਤ੍ਰਿਕ ਪਿੰਡ ਪੰਚੂਰ ਵਿੱਚ ਰਹਿ ਰਹੇ ਸਨ। ਯੋਗੀ ਆਦਿੱਤਿਆਨਾਥ ਦਾ ਪਰਿਵਾਰ ਵੀ ਇਸੇ ਪਿੰਡ ਨਾਲ ਸਬੰਧਤ ਹੈ। ਪਰਿਵਾਰ ਵਿੱਚ ਕੁੱਲ ਸੱਤ ਭੈਣ-ਭਰਾ ਹਨ, ਜਿਨ੍ਹਾਂ ਵਿੱਚ ਯੋਗੀ ਆਦਿੱਤਿਆਨਾਥ ਚਾਰ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਦੂਜੇ ਨੰਬਰ ’ਤੇ ਹਨ।
ਜ਼ਿਕਰਯੋਗ ਹੈ ਕਿ ਯੋਗੀ ਆਦਿੱਤਿਆਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਜੰਗਲਾਤ ਵਿਭਾਗ ਵਿੱਚ ਫੋਰੈਸਟ ਰੇਂਜਰ ਵਜੋਂ ਸੇਵਾਵਾਂ ਨਿਭਾਉਂਦੇ ਸਨ। ਉਨ੍ਹਾਂ ਦਾ 20 ਅਪ੍ਰੈਲ 2020 ਨੂੰ ਦੇਹਾਂਤ ਹੋ ਗਿਆ ਸੀ।