ਗੈਰ-ਕਾਨੂੰਨੀ ਪਰਵਾਸੀਆਂ ਦੀ ਐਂਟਰੀ ਰੋਕਣ ਲਈ ਅਮਰੀਕਾ ਨੇ ਮੈਕਸਿਕੋ ਸਰਹੱਦ ’ਤੇ ਚੁੱਕਿਆ ਵੱਡਾ ਕਦਮ
US takes major step at Mexico border: ਨਵੀਂ ਦਿੱਲੀ: : ਅਮਰੀਕਾ ਨੇ ਮੈਕਸਿਕੋ ਤੋਂ ਗੈਰ-ਕਾਨੂੰਨੀ ਪਰਵਾਸੀਆਂ ਦੀ ਐਂਟਰੀ ਰੋਕਣ ਲਈ ਸਰਹੱਦ ’ਤੇ ਕੰਧ ਬਣਾਉਣ ਦਾ ਕੰਮ ਤੇਜ਼ ਕਰ ਦਿੱਤਾ ਹੈ। ਟਰੰਪ ਪ੍ਰਸ਼ਾਸਨ ਨੇ ਪੱਛਮੀ ਟੈਕਸਾਸ ਦੇ ਬਿਗ ਬੈਂਡ ਖੇਤਰ ਵਿੱਚ 30 ਫੁੱਟ ਉੱਚੇ ਸਟੀਲ ਪੈਨਲ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਅਮਰੀਕੀ ਸੀਮਾ ਸੁਰੱਖਿਆ ਅਧਿਕਾਰੀਆਂ ਮੁਤਾਬਕ ਹਡਸਪੇਥ ਕਾਊਂਟੀ ਵਿੱਚ ਸਰਹੱਦ ਦੇ ਕਰੀਬ 47 ਮੀਲ ਲੰਬੇ ਹਿੱਸੇ ’ਤੇ ਇਹ ਕੰਧ ਬਣਾਈ ਜਾ ਰਹੀ ਹੈ। ਬਿਗ ਬੈਂਡ ਖੇਤਰ ਵਿੱਚ ਇਹ ਪਹਿਲਾ ਵੱਡਾ ਸਰਹੱਦੀ ਨਿਰਮਾਣ ਪ੍ਰੋਜੈਕਟ ਹੈ।
46 ਅਰਬ ਡਾਲਰ ਦੀ ਯੋਜਨਾ
ਇਹ ਪ੍ਰੋਜੈਕਟ ਟਰੰਪ ਪ੍ਰਸ਼ਾਸਨ ਦੀ ਕਰੀਬ 46 ਅਰਬ ਡਾਲਰ ਦੀ ਸਰਹੱਦੀ ਸੁਰੱਖਿਆ ਯੋਜਨਾ ਦਾ ਹਿੱਸਾ ਹੈ। ਇਸ ਤਹਿਤ ਸਰਹੱਦ ’ਤੇ ਕੰਧਾਂ, ਹੋਰ ਰੁਕਾਵਟਾਂ, ਸੜਕਾਂ ਅਤੇ ਨਿਗਰਾਨੀ ਤਕਨਾਲੋਜੀ ਦਾ ਵਿਸਥਾਰ ਕੀਤਾ ਜਾ ਰਿਹਾ ਹੈ। ਸੀਬੀਪੀ ਮੁਤਾਬਕ ਇਸ ਸਮੇਂ ਸਰਹੱਦ ’ਤੇ ਔਸਤਨ ਹਫ਼ਤੇ ਵਿੱਚ 12 ਮੀਲ ਨਵੀਂ ਕੰਧ ਬਣਾਈ ਜਾ ਰਹੀ ਹੈ। ਏਜੰਸੀ ਦਾ ਕਹਿਣਾ ਹੈ ਕਿ ਇਹ ਪਹਿਲਾਂ ਦੇ ਮੁਕਾਬਲੇ ਲਗਭਗ ਦੁੱਗਣੀ ਰਫ਼ਤਾਰ ਹੈ ਅਤੇ ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਹੁਣ ਤੱਕ 200 ਮੀਲ ਤੋਂ ਵੱਧ ਨਵੀਆਂ ਰੁਕਾਵਟਾਂ ਬਣਾਈਆਂ ਜਾ ਚੁੱਕੀਆਂ ਹਨ।
ਜ਼ਮੀਨ ਮਾਲਕਾਂ ਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਵਿਰੋਧ
ਬਿਗ ਬੈਂਡ ਵਿੱਚ ਕੰਧ ਦੇ ਨਿਰਮਾਣ ਦਾ ਸਥਾਨਕ ਜ਼ਮੀਨ ਮਾਲਕਾਂ, ਕਾਰੋਬਾਰੀਆਂ, ਕਿਸਾਨਾਂ ਅਤੇ ਵਾਤਾਵਰਨ ਸੰਗਠਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦੂਰ-ਦੁਰਾਡੇ ਵਾਲਾ ਖੇਤਰ ਗੈਰ-ਕਾਨੂੰਨੀ ਸਰਹੱਦੀ ਦਾਖਲੇ ਲਈ ਵੱਡੇ ਪੱਧਰ ’ਤੇ ਵਰਤਿਆ ਨਹੀਂ ਜਾਂਦਾ। ‘ਨੋ ਬਿਗ ਬੈਂਡ ਵਾਲ ਕੋਲੀਸ਼ਨ’ ਨਾਲ ਜੁੜੇ ਕਾਰਕੁਨਾਂ ਨੇ ਕਿਹਾ ਹੈ ਕਿ ਨਿਰਮਾਣ ਸ਼ੁਰੂ ਹੋਣ ਦੇ ਬਾਵਜੂਦ ਉਹ ਆਪਣਾ ਵਿਰੋਧ ਅਤੇ ਕਾਨੂੰਨੀ ਲੜਾਈ ਜਾਰੀ ਰੱਖਣਗੇ।
ਸਥਾਨਕ ਜ਼ਮੀਨ ਮਾਲਕਾਂ ਅਤੇ ਕਾਰੋਬਾਰੀਆਂ ਵੱਲੋਂ ਪ੍ਰੋਜੈਕਟ ਖ਼ਿਲਾਫ਼ ਅਦਾਲਤ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ। ਵਾਤਾਵਰਨ ਸੰਗਠਨਾਂ ਨੇ ਨਿਰਮਾਣ ਕਾਰਨ ਕੁਦਰਤੀ ਵਾਤਾਵਰਨ ਨੂੰ ਨੁਕਸਾਨ ਪਹੁੰਚਣ ਦਾ ਖਦਸ਼ਾ ਜਤਾਇਆ ਹੈ। ਉੱਥੇ ਹੀ ਕੁਝ ਮੂਲ ਅਮਰੀਕੀ ਭਾਈਚਾਰਿਆਂ ਵੱਲੋਂ ਵੀ ਨਿਰਮਾਣ ਕਾਰਨ ਉਨ੍ਹਾਂ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਣ ਦੇ ਦੋਸ਼ ਲਗਾਏ ਗਏ ਹਨ।
ਵਿਰੋਧ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਬਿਗ ਬੈਂਡ ਨੈਸ਼ਨਲ ਪਾਰਕ ਦੇ ਨੇੜਲੇ ਹਿੱਸੇ ਵਿੱਚ ਕੰਧ ਦਾ ਕੰਮ ਫਿਲਹਾਲ ਰੋਕਿਆ ਹੋਇਆ ਹੈ।
