ਪਿੰਡ ਧੁਲੇਤਾ ਪੁਲਿਸ ਛਾਉਣੀ ‘ਚ ਤਬਦੀਲ, ਨਜ਼ਾਇਜ਼ ਕਬਜ਼ਾ ਛੁਡਾਉਣ ਮੌਕੇ ਪੁਲਿਸ ਤੇ ਬਸਪਾ ਆਗੂ ਹੋਏ ਆਹਮੋ-ਸਾਹਮਣੇ
Village Dhuleta illegal possession controvercy; ਪਿੰਡ ਧੁਲੇਤਾ ਵਿਖੇ ਅੱਜ ਸਵੇਰ ਵੇਲੇ ਉਸ ਵੇਲੇ ਮਾਹੌਲ ਤਨਾਅਪੂਰਨ ਹੋ ਗਿਆ ਜਦੋਂ ਧੁਲੇਤਾ ਪਿੰਡ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ, ਜਿੱਥੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਕਈ ਥਾਣਿਆਂ ਦੇ ਐਸਐਚਓ ਅਤੇ ਪੁਲਿਸ ਪਾਰਟੀ ਨਾਜਾਇਜ਼ ਕਬਜ਼ਾ ਛਡਾਉਣ ਲਈ ਪਹੁੰਚੀ। ਜਿੱਥੇ ਪਿੰਡ ਦੇ ਸਰਪੰਚ ਵੱਲੋਂ ਕਿਹਾ ਗਿਆ ਕਿ ਪੰਚਾਇਤੀ ਜਮੀਨ ਤੇ ਨਜਾਇਜ਼ ਚਾਰ ਦੁਆਰੀ ਕੀਤੀ ਗਈ ਸੀ ਜਿਸ ਦੀ ਸ਼ਿਕਾਇਤ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰਸ਼ਾਸਨ ਨੂੰ ਕੀਤੀ ਗਈ ਸੀ ਅਤੇ ਕਾਫੀ ਸਮੇਂ ਤੋਂ ਇਸ ਕਾਰਵਾਈ ਦੀ ਉਡੀਕ ਵਿੱਚ ਪੰਚਾਇਤ ਅਤੇ ਪਿੰਡ ਵਾਸੀ ਬੈਠੇ ਸਨ, ਉਥੇ ਹੀ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਬਹੁਜਨ ਸਮਾਜ ਪਾਰਟੀ ਦੇ ਆਗੂ ਇਸ ਦਾ ਵਿਰੋਧ ਕਰਨ ਲਈ ਅਤੇ ਕੁਝ ਪਿੰਡ ਵਾਸੀਆਂ ਦੀ ਹਮਾਇਤ ਵਿੱਚ ਪਹੁੰਚੇ, ਜਿੱਥੇ ਪੁਲਿਸ ਅਤੇ ਬਸਪਾ ਆਗੂਆਂ ਦੇ ਵਿੱਚ ਧੱਕਾ ਮੁੱਕੀ ਹੋਈ ਜਿਸ ਤੋਂ ਬਾਅਦ ਪੁਲਿਸ ਨੇ ਬਸਪਾ ਆਗੂਆਂ ਨੂੰ ਡਿਟੇਨ ਕਰ ਲਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਸੁਖਬੀਰ ਸਿੰਘ ਸੁੱਖੀ ਨੇ ਕਿਹਾ ਪਿੰਡ ਦੇ ਪੰਚਾਇਤੀ ਜ਼ਮੀਨ ਤੇ ਕਾਫੀ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਸਨ ਜਿਨਾਂ ਵਿੱਚੋਂ ਤਿੰਨ ਥਾਵਾਂ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਛੁਡਵਾਇਆ ਗਿਆ ਹੈ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਾਲ ਖੇਡ ਮੈਦਾਨ ਲਈ ਜਗ੍ਹਾ ਰੱਖੀ ਗਈ ਸੀ ਜਿਸ ਉਪਰ ਚਾਰ ਦੁਵਾਰੀ ਕਰਕੇ ਨਜਾਇਜ਼ ਕਬਜ਼ਾ ਕੀਤਾ ਗਿਆ ਸੀ ਜਿਸ ਦਾ ਮਤਾ ਪੰਚਾਇਤ ਵੱਲੋਂ ਪਾ ਕੇ ਪ੍ਰਸ਼ਾਸਨ ਤੋਂ ਇਸ ਥਾਂ ਨੂੰ ਖਾਲੀ ਕਰਵਾਉਣ ਦੀ ਬੇਨਤੀ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਬੀਡੀਪੀਓ ਫਿਲੌਰ ਅਤੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਪਿੰਡ ਵਿੱਚ ਪਹੁੰਚਿਆ। ਜਿਨਾਂ ਵੱਲੋਂ ਨਜਾਇਜ਼ ਕਬਜ਼ੇ ਨੂੰ ਛੁਡਵਾਇਆ ਗਿਆ ਹੈ। ਜਿਸ ਦੇ ਲਈ ਉਹ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਨ ।
ਇਸ ਮੋਕੇ ਤੇ ਬਸਪਾ ਆਗੂ ਤੀਰਥ ਰਾਜਪੁਰਾ, ਖੁਸ਼ੀ ਰਾਮ, ਸੁਖਵਿੰਦਰ ਬਿੱਟੂ ਤੇ ਹੋਰ ਆਗੂ ਪਹੁੰਚੇ ਜਿਹਨਾਂ ਨੂੰ ਬੈਰੀਕੇਟ ਲਗਾ ਕੇ ਪੁਲਿਸ ਵਲੋਂ ਰੋਕਿਆ ਗਿਆ। ਇਸ ਦੋਰਾਨ ਪੁਲਿਸ ਤੇ ਬਸਪਾ ਆਗੂਆਂ ਵਿਚਕਾਰ ਧੱਕਾ ਮੁੱਕੀ ਵੀ ਹੋਈ ਪੁਲਿਸ ਵਲੋਂ ਕਈ ਬਸਪਾ ਆਗੂਆਂ ਤੇ ਹੋਰ ਜੱਥੇਬੰਦੀਆਂ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬਸਪਾ ਆਗੂ ਤੀਰਥ ਰਾਜਪੁਰਾ ਤੇ ਖੁਸ਼ੀ ਰਾਮ ਨੇ ਕਿਹਾ ਕਿ ਇਕ ਪਾਸੇ ਸਰਪੰਚ ਗੁਰੂ ਰਵਿਦਾਸ ਕਮਿਊਨਿਟੀ ਹਾਲ ਬਣਾਉਣ ਦਾ ਪੰਚਾਇਤ ਵਿਚ ਮਤਾ ਪਾਸ ਕਰਦਾ ਹੈ ਤੇ ਜਦੋਂ ਉਸ ਜਗਾ ਦੀ ਚਾਰਦੀਵਾਰੀ ਕਰ ਲਈ ਜਾਂਦੀ ਹੈ ਤਾਂ ਪ੍ਰਸ਼ਾਸਨ ਨਾਲ ਰੱਲ ਕੇ ਢਾਹ ਰਿਹਾ ਹੈ, ਇਹ ਸ਼ਰੇਆਮ ਦਲਿਤ ਸਮਾਜ ਨਾਲ ਧੱਕਾ ਹੈ। ਪਿੰਡ ਵਿੱਚ ਹੋਰ ਵੀ ਪੰਚਾਇਤੀ ਜਗਾ ਤੇ ਕਬਜੇ ਹਨ ਸਿਰਫ ਦਲਿਤ ਸਮਾਜ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਹੈ। ਜਦੋਂ ਇਸ ਸਬੰਧੀ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਪਿੰਡ ਦੀ ਜੋ ਵੀ ਪੰਚਾਇਤੀ ਜ਼ਮੀਨ ਤੇ ਕਬਜੇ ਹੋਏ ਹਨ, ਉਹ ਸਭ ਛੁਡਾਏ ਜਾ ਰਹੇ ਹਨ ਇਸ ਜਗਾ ਤੇ ਅਸੀ ਗਰਾਉਂਡ ਬਣਾਉਣੀ ਹੈ, ਇਸ ਕਰਕੇ ਖਾਲੀ ਕਰਾਈ ਜਾ ਰਹੀ ਹੈ। ਉਧਰ ਬੀਡੀਪੀਓ ਫਿਲੋਰ ਨੇ ਕਿਹਾ ਕਿ ਪੰਚਾਇਤ ਵੱਲੋਂ ਦਿੱਤੀ ਸ਼ਿਕਾਇਤ ਤੇ ਨਿਸ਼ਾਨਦੇਹੀ ਕਰਨ ਤੋਂ ਬਾਅਦ ਪੰਚਾਇਤੀ ਜਗ੍ਹਾ ਨੂੰ ਨਜਾਇਜ਼ ਕਬਜ਼ੇ ਤੋਂ ਛੁਡਵਾਇਆ ਗਿਆ ਹੈ।