Banner

ਮੋਹਾਲੀ ਦੇ ਹਾਈ-ਪ੍ਰੋਫਾਈਲ ਏਕਮ ਢਿੱਲੋਂ ਕਤਲ ਮਾਮਲੇ ‘ਚ ਪਤਨੀ ਨੂੰ ਉਮਰ ਕੈਦ ਦੀ ਸਜ਼ਾ

Mohali Ekam Dhillon Murder Case; ਮੋਹਾਲੀ ਵਿੱਚ ਆਪਣੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਸੀਰਤ ਕੌਰ ‘ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰਦੀ ਤਾਂ ਉਸ ਨੂੰ ਵਾਧੂ ਸਜ਼ਾ ਵੀ ਭੁਗਤਣੀ ਪਵੇਗੀ। ਸੀਰਤ ਕੌਰ ਨੇ 9 […]
Jaspreet Singh
By : Updated On: 03 Jul 2026 19:53:PM
ਮੋਹਾਲੀ ਦੇ ਹਾਈ-ਪ੍ਰੋਫਾਈਲ ਏਕਮ ਢਿੱਲੋਂ ਕਤਲ ਮਾਮਲੇ ‘ਚ ਪਤਨੀ ਨੂੰ ਉਮਰ ਕੈਦ ਦੀ ਸਜ਼ਾ

Mohali Ekam Dhillon Murder Case; ਮੋਹਾਲੀ ਵਿੱਚ ਆਪਣੇ ਪਤੀ ਦਾ ਕਤਲ ਕਰਨ ਵਾਲੀ ਪਤਨੀ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਸੀਰਤ ਕੌਰ ‘ਤੇ 90 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰਦੀ ਤਾਂ ਉਸ ਨੂੰ ਵਾਧੂ ਸਜ਼ਾ ਵੀ ਭੁਗਤਣੀ ਪਵੇਗੀ।

ਸੀਰਤ ਕੌਰ ਨੇ 9 ਸਾਲ ਪਹਿਲਾਂ ਆਪਣੇ ਪਤੀ ਏਕਮ ਢਿੱਲੋਂ ਦਾ ਕਤਲ ਕਰ ਦਿੱਤਾ ਸੀ। ਉਸ ਨੇ ਕਰੀਬ 6 ਫੁੱਟ ਲੰਬੇ ਪਤੀ ਦੀ ਲਾਸ਼ ਨੂੰ ਕੱਟ ਕੇ ਢਾਈ ਫੁੱਟ ਦੇ ਸੂਟਕੇਸ ਵਿੱਚ ਪੈਕ ਕਰ ਦਿੱਤਾ ਸੀ। ਉਹ ਸੂਟਕੇਸ ਨੂੰ ਠਿਕਾਣੇ ਲਗਾਉਣ ਲਈ ਬੀਐਮਡਬਲਯੂ ਕਾਰ ਵਿੱਚ ਲੈ ਜਾ ਰਹੀ ਸੀ, ਪਰ ਇਸੇ ਦੌਰਾਨ ਉਸ ਦੀ ਪੋਲ ਖੁੱਲ੍ਹ ਗਈ। ਸ਼ੁੱਕਰਵਾਰ ਨੂੰ ਮੋਹਾਲੀ ਅਦਾਲਤ ਨੇ ਉਸ ਨੂੰ ਸਜ਼ਾ ਸੁਣਾਈ।

ਸਰਕਾਰੀ ਵਕੀਲ ਨੇ ਫਾਂਸੀ ਦੀ ਕੀਤੀ ਸੀ ਮੰਗ

ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਅਦਾਲਤ ਕੋਲ ਸੀਰਤ ਕੌਰ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਸੀ। ਹਾਲਾਂਕਿ ਅਦਾਲਤ ਨੇ ਸੁਪਰੀਮ ਕੋਰਟ ਦੇ ਵੱਖ-ਵੱਖ ਫ਼ੈਸਲਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਔਰਤ ਦਾ ਪਹਿਲਾ ਅਪਰਾਧ ਹੈ ਅਤੇ ਉਸ ਦੀ ਉਮਰ ਨੂੰ ਦੇਖਦਿਆਂ ਇਹ ਮਾਮਲਾ ‘ਰੇਅਰੇਸਟ ਆਫ਼ ਦਿ ਰੇਅਰ’ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਸ ਲਈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

2017 ਵਿੱਚ ਵਾਪਰੀ ਸੀ ਵਾਰਦਾਤ

ਇਹ ਘਟਨਾ 18 ਅਤੇ 19 ਮਾਰਚ 2017 ਦੀ ਦਰਮਿਆਨੀ ਰਾਤ ਮੋਹਾਲੀ ਦੇ ਫੇਜ਼-3ਬੀ1 ਸਥਿਤ ਮਕਾਨ ਨੰਬਰ 116 ਵਿੱਚ ਵਾਪਰੀ ਸੀ। ਮ੍ਰਿਤਕ ਏਕਮ ਢਿੱਲੋਂ ਪੇਸ਼ੇ ਤੋਂ ਇੱਕ ਨਾਮੀ ਬਿਲਡਰ ਸੀ ਅਤੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ।

ਪੁੱਤਰ ਨੇ ਸੁਣੀ ਸੀ ਗੋਲੀ ਦੀ ਆਵਾਜ਼

ਏਕਮ ਅਤੇ ਸੀਰਤ ਦੇ 11 ਸਾਲਾ ਪੁੱਤਰ ਗੁਰਨਿਵਾਜ ਸਿੰਘ ਨੇ ਅਦਾਲਤ ਵਿੱਚ ਗਵਾਹੀ ਦਿੰਦਿਆਂ ਦੱਸਿਆ ਕਿ ਵਾਰਦਾਤ ਵਾਲੀ ਰਾਤ ਉਸ ਨੇ ਆਪਣੇ ਪਿਤਾ ਦੀ ਚੀਕ ਅਤੇ ਫਿਰ ਗੋਲੀ ਚੱਲਣ ਦੀ ਆਵਾਜ਼ ਸੁਣੀ ਸੀ। ਜਦੋਂ ਉਸ ਨੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਮਾਂ ਸੀਰਤ ਨੇ ਬਾਹਰੋਂ ਕੁੰਡੀ ਲਗਾ ਦਿੱਤੀ ਅਤੇ ਕਿਹਾ ਕਿ ਇਹ ਆਵਾਜ਼ ਟੀਵੀ ਤੋਂ ਆ ਰਹੀ ਹੈ, ਤੂੰ ਸੌਂ ਜਾ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੀਰਤ ਨੇ ਅਮਰੀਕਾ ਵਿੱਚ ਬਣੀ 7.65 ਐੱਮਐੱਮ ਦੀ ਗੈਰ-ਕਾਨੂੰਨੀ ਪਿਸਤੌਲ ਨਾਲ ਏਕਮ ਦੇ ਸਿਰ ਵਿੱਚ ਗੋਲੀ ਮਾਰੀ ਸੀ।

ਕਾਰ ਵਿੱਚੋਂ ਖੂਨ ਟਪਕਦਾ ਸੂਟਕੇਸ ਮਿਲਿਆ

ਅਗਲੇ ਦਿਨ ਸਵੇਰੇ (19 ਮਾਰਚ) ਏਕਮ ਦੇ ਭਰਾ ਦਰਸ਼ਨ ਸਿੰਘ ਢਿੱਲੋਂ ਅਤੇ ਪਿਤਾ ਜਸਪਾਲ ਸਿੰਘ ਨੂੰ ਕਿਸੇ ਜਾਣਕਾਰ ਤੋਂ ਘਰ ਵਿੱਚ ਗੜਬੜ ਹੋਣ ਦੀ ਸੂਚਨਾ ਮਿਲੀ। ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕੋਠੀ ਦੇ ਬਾਹਰ ਖੜ੍ਹੀ ਏਕਮ ਦੀ BMW ਕਾਰ ਦੇ ਪਿਛਲੇ ਦਰਵਾਜ਼ੇ ਕੋਲ ਖੂਨ ਵਿਖਰਿਆ ਹੋਇਆ ਸੀ।

ਕਾਰ ਖੋਲ੍ਹਣ ‘ਤੇ ਪਿਛਲੀ ਸੀਟ ‘ਤੇ ਇੱਕ ਵੱਡਾ ਕਾਲਾ ਸੂਟਕੇਸ ਮਿਲਿਆ, ਜਿਸ ਵਿੱਚੋਂ ਖੂਨ ਰਿਸ ਰਿਹਾ ਸੀ। ਸੂਟਕੇਸ ਖੋਲ੍ਹਣ ‘ਤੇ ਉਸ ਵਿੱਚ ਏਕਮ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ।

ਸੀਸੀਟੀਵੀ ਫੁਟੇਜ ਬਣੀ ਸਭ ਤੋਂ ਵੱਡਾ ਸਬੂਤ

ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਇਸ ਮਾਮਲੇ ਦਾ ਸਭ ਤੋਂ ਅਹਿਮ ਸਬੂਤ ਬਣੀ। ਫੁਟੇਜ ਵਿੱਚ ਸੀਰਤ ਕੌਰ ਸਵੇਰੇ ਕਰੀਬ 8:30 ਵਜੇ ਇਕੱਲੀ ਹੀ ਸੂਟਕੇਸ ਨੂੰ ਪੌੜੀਆਂ ਤੋਂ ਹੇਠਾਂ ਘਸੀਟਦੀ ਹੋਈ ਦਿਖਾਈ ਦਿੱਤੀ। ਉਸ ਨੇ ਪੌੜੀਆਂ ‘ਤੇ ਲੱਗੇ ਖੂਨ ਦੇ ਦਾਗ ਵੀ ਸਾਫ਼ ਕੀਤੇ।

ਬਾਅਦ ਵਿੱਚ ਉਸ ਨੇ ਇੱਕ ਆਟੋ ਚਾਲਕ ਦੀ ਮਦਦ ਨਾਲ ਸੂਟਕੇਸ ਨੂੰ BMW ਕਾਰ ਦੀ ਪਿਛਲੀ ਸੀਟ ‘ਤੇ ਰਖਵਾਇਆ।

ਗੁਰਦੁਆਰਾ ਅੰਬ ਸਾਹਿਬ ਨੇੜੇ ਸਾੜੇ ਕੱਪੜੇ

ਲਾਸ਼ ਨੂੰ ਠਿਕਾਣੇ ਲਗਾਉਣ ਵਿੱਚ ਨਾਕਾਮ ਰਹਿਣ ਤੋਂ ਬਾਅਦ ਸੀਰਤ ਫਰਾਰ ਹੋ ਗਈ। ਉਹ ਫੇਜ਼-8 ਸਥਿਤ ਗੁਰਦੁਆਰਾ ਅੰਬ ਸਾਹਿਬ ਗਈ, ਜਿੱਥੇ ਉਸ ਨੇ ਖੂਨ ਨਾਲ ਸਨੇ ਕੱਪੜੇ ਅਤੇ ਚੱਪਲਾਂ ਇੱਕ ਕਾਲੇ ਲਿਫ਼ਾਫ਼ੇ ਵਿੱਚ ਰੁੱਖ ਕੋਲ ਲੁਕਾ ਦਿੱਤੀਆਂ।

ਕਤਲ ਤੋਂ ਬਾਅਦ ਸੈਲੂਨ ਗਈ, ਨਵਾਂ ਫ਼ੋਨ ਵੀ ਖਰੀਦਿਆ

ਸੀਰਤ ਫੇਜ਼-3ਬੀ2 ਸਥਿਤ ਸੈਮਸੰਗ ਸ਼ੋਰੂਮ ਪਹੁੰਚੀ, ਜਿੱਥੇ ਉਸ ਨੇ ਕ੍ਰੈਡਿਟ ਕਾਰਡ ਰਾਹੀਂ 8,800 ਰੁਪਏ ਦਾ ਨਵਾਂ ਮੋਬਾਈਲ ਫ਼ੋਨ ਖਰੀਦਿਆ ਅਤੇ ਲੈਂਡਲਾਈਨ ਤੋਂ ਕਈ ਕਾਲਾਂ ਕੀਤੀਆਂ।

ਕਤਲ ਤੋਂ ਕੁਝ ਘੰਟਿਆਂ ਬਾਅਦ ਉਹ ਮੋਹਾਲੀ ਦੇ ‘ਜੁਕੇਰੋ ਸੈਲੂਨ’ ਵੀ ਗਈ, ਜਿੱਥੇ ਉਸ ਨੇ ਵਾਲ ਧੁਲਵਾਏ ਅਤੇ ਕਰਮਚਾਰੀਆਂ ਤੋਂ ਫ਼ੋਨ ਲੈ ਕੇ ਕਈ ਕਾਲਾਂ ਕੀਤੀਆਂ। ਸੀਸੀਟੀਵੀ ਵਿੱਚ ਉਹ ਗੁਲਾਬੀ ਟੌਪ ਅਤੇ ਕਾਲੇ ਟਰੈਕ ਪੈਂਟ ਵਿੱਚ ਨਜ਼ਰ ਆਈ।

ਕਤਲ ਪਿੱਛੇ ਦੋ ਵੱਡੇ ਕਾਰਨ

  1. ਪੈਸਾ ਅਤੇ ਜਾਇਦਾਦ:
    ਏਕਮ ਨੇ ਗੁਰੂਗ੍ਰਾਮ ਅਤੇ ਮੁੱਲਾਂਪੁਰ ਵਿੱਚ ਕਰੀਬ 4 ਤੋਂ 5 ਕਰੋੜ ਰੁਪਏ ਦੀ ਵਪਾਰਕ ਅਤੇ ਰਿਹਾਇਸ਼ੀ ਜਾਇਦਾਦ ਖਰੀਦੀ ਹੋਈ ਸੀ, ਜੋ ਸੀਰਤ ਅਤੇ ਉਸ ਦੀ ਮਾਂ ਦੇ ਨਾਮ ‘ਤੇ ਦਰਜ ਸੀ। ਜਾਂਚ ਅਨੁਸਾਰ ਸੀਰਤ ਇਨ੍ਹਾਂ ਜਾਇਦਾਦਾਂ ਅਤੇ ਪੈਸੇ ‘ਤੇ ਕਬਜ਼ਾ ਕਰਨਾ ਚਾਹੁੰਦੀ ਸੀ।
  2. ਕਥਿਤ ਨਾਜਾਇਜ਼ ਸਬੰਧ:
    ਮ੍ਰਿਤਕ ਦੇ ਪਿਤਾ ਦਰਸ਼ਨ ਸਿੰਘ ਢਿੱਲੋਂ ਮੁਤਾਬਕ ਸੀਰਤ ਦੇ ਇੱਕ ਵਿਅਕਤੀ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਪਤੀ-ਪਤਨੀ ਵਿਚਾਲੇ ਅਕਸਰ ਝਗੜਾ ਹੁੰਦਾ ਸੀ। ਵਾਰਦਾਤ ਤੋਂ ਇੱਕ ਦਿਨ ਪਹਿਲਾਂ ਵੀ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਤਕਰਾਰ ਹੋਈ ਸੀ।

Read Latest News and Breaking News at Daily Post TV, Browse for more News

Ad
Ad