ਦਿੱਲੀ ਦੇ 5-ਸਟਾਰ ਹੋਟਲ ਦੀ ਪਾਰਕਿੰਗ ’ਚ ਨਾਗਾਲੈਂਡ ਦੀ ਮਹਿਲਾ ਨਾਲ ਛੇੜਛਾੜ, 3 ਗ੍ਰਿਫ਼ਤਾਰ
Woman from Nagaland molested in Delhi: ਨਵੀਂ ਦਿੱਲੀ: ਦਿੱਲੀ ਦੇ ਚਾਣਕਿਆਪੁਰੀ ਇਲਾਕੇ ਵਿੱਚ ਇੱਕ 5-ਸਟਾਰ ਹੋਟਲ ਦੀ ਪਾਰਕਿੰਗ ਵਿੱਚ ਨਾਗਾਲੈਂਡ ਦੀ ਰਹਿਣ ਵਾਲੀ ਮਹਿਲਾ ਨਾਲ ਕਥਿਤ ਛੇੜਛਾੜ ਅਤੇ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਘਟਨਾ 4 ਅਕਤੂਬਰ ਦੀ ਦੱਸੀ ਜਾ ਰਹੀ ਹੈ।
ਪੀੜਤਾ ਵੱਲੋਂ ਦਿੱਤੀ ਸ਼ਿਕਾਇਤ ਮੁਤਾਬਕ ਉਹ ਹੋਟਲ ਦੀ ਪਾਰਕਿੰਗ ਵਿੱਚ ਖੜ੍ਹੀ ਸੀ। ਇਸ ਦੌਰਾਨ ਤਿੰਨ ਨੌਜਵਾਨ ਕਾਰ ਵਿੱਚ ਉੱਥੇ ਪਹੁੰਚੇ ਅਤੇ ਕਥਿਤ ਤੌਰ ’ਤੇ ਉਸ ਨਾਲ ਬਦਤਮੀਜ਼ੀ ਕਰਨ ਲੱਗੇ। ਦੋਸ਼ ਹੈ ਕਿ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਕਾਰ ਵਿੱਚ ਬਿਠਾਉਣ ਦੀ ਕੋਸ਼ਿਸ਼ ਵੀ ਕੀਤੀ।
ਮਹਿਲਾ ਦੀਆਂ ਸਹੇਲੀਆਂ ਨੇ ਦਖ਼ਲ ਦੇ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਵੀ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਦਿੱਲੀ ਪੁਲਿਸ ਨੇ ਕਾਰਵਾਈ ਕਰਦਿਆਂ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਮੁਤਾਬਕ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
