ਪੰਜਾਬ ਦੇ ਨਸ਼ਾ ਛੁਡਾਊ ਕੇਂਦਰ ‘ਚ ਨੌਜਵਾਨ ਦੀ ਸੰਦੇਹਜਨਕ ਹਾਲਤ ‘ਚ ਮੌਤ, ਕੇਂਦਰ ਮਾਲਕ ਉਤੇ ਕਤਲ ਦਾ ਮਾਮਲਾ ਦਰਜ
Punjab Crime News: ਮੋਗਾ ਜ਼ਿਲ੍ਹੇ ਦੇ ਪਿੰਡ ਚਾਰਿਕ ਵਿੱਚ ਚੱਲ ਰਹੇ ਇਕ ਅਣਲਾਇਸੰਸ ਨਸ਼ਾ ਛੁਡਾਊ ਕੇਂਦਰ ਵਿੱਚ 35 ਸਾਲਾ ਜਸਪਾਲ ਸਿੰਘ ਦੀ ਸੰਦੇਹਜਨਕ ਹਾਲਤ ‘ਚ ਮੌਤ ਹੋਣ ਦੀ ਖ਼ਬਰ ਨੇ ਹੜਕੰਪ ਮਚਾ ਦਿੱਤਾ ਹੈ। ਮ੍ਰਿਤਕ ਦੇ ਸਿਰ ‘ਤੇ ਗੰਭੀਰ ਚੋਟਾਂ ਦੇ ਨਿਸ਼ਾਨ ਮਿਲਣ ਤੋਂ ਬਾਅਦ ਪਰਿਵਾਰ ਨੇ ਕੇਂਦਰ ਦੇ ਮਾਲਕ ਅਤੇ ਉਸਦੇ ਬੇਟੇ ਉਤੇ ਮਾਰ-ਕੁਟ ਅਤੇ ਕਤਲ ਦੇ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਜਸਪਾਲ ਨੂੰ 4 ਜੁਲਾਈ ਨੂੰ ਪਿੰਡ ਚਾਰਿਕ ਦੇ ਨਸ਼ਾ ਛੁਡਾਊ ਕੇਂਦਰ ਦੇ ਮਾਲਕ ਇੰਦਰਜੀਤ ਸਿੰਘ ਆਪਣੇ ਨਾਲ ਇਲਾਜ ਲਈ ਲੈ ਗਿਆ ਸੀ। ਪਰ ਜਦ 12 ਅਗਸਤ ਨੂੰ ਪਰਿਵਾਰਕ ਮੈਂਬਰ ਜਸਪਾਲ ਨੂੰ ਵਾਪਸ ਲੈਣ ਗਏ, ਤਾਂ ਉਨ੍ਹਾਂ ਨੂੰ ਪਹਿਲਾਂ ਦੱਸਿਆ ਗਿਆ ਕਿ ਉਹ ਇੱਥੋਂ ਚਲਾ ਗਿਆ ਹੈ। ਸੰਦੇਹ ਹੋਣ ‘ਤੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਦੀ ਤਲਾਸ਼ੀ ਲਈ, ਜਿੱਥੇ ਇੱਕ ਕਮਰੇ ‘ਚ ਜਸਪਾਲ ਦੀ ਲਾਸ਼ ਮਿਲੀ।
ਪਿੰਡ ਬੁੱਕਨ ਵਾਲਾ ਦੇ ਨਿਵਾਸੀ ਅਤੇ ਮ੍ਰਿਤਕ ਦੇ ਪਿਤਾ, ਪਤਨੀ ਮਨਦੀਪ ਕੌਰ ਅਤੇ ਪਿੰਡ ਦੇ ਸਰਪੰਚ ਆਰਸ਼ਦੀਪ ਸਿੰਘ ਨੇ ਦੱਸਿਆ ਕਿ ਜਸਪਾਲ ਨੂੰ ਸ਼ਰਾਬ ਦੀ ਲਤ ਸੀ ਅਤੇ ਉਹ ਇਲਾਜ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ।
ਚਾਰਿਕ ਥਾਣਾ ਮੁਖੀ ਗੁਰਪਾਲ ਸਿੰਘ ਨੇ ਪੁਸ਼ਟੀ ਕੀਤੀ ਕਿ ਇਹ ਨਸ਼ਾ ਛੁਡਾਊ ਕੇਂਦਰ 2022 ਵਿੱਚ ਬੰਦ ਕਰਵਾਇਆ ਗਿਆ ਸੀ, ਪਰ ਇਹ ਹਾਲੇ ਵੀ ਗੈਰਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਪੁਲਿਸ ਨੇ ਕੇਂਦਰ ਦੇ ਮਾਲਕ ਇੰਦਰਜੀਤ ਸਿੰਘ ਅਤੇ ਉਸਦੇ ਬੇਟੇ ਉਤੇ ਧਾਰਾ 302 (ਕਤਲ) ਹੇਠ ਮਾਮਲਾ ਦਰਜ ਕਰਕੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਕੇਸ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਹੋਰ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।