ਬਠਿੰਡਾ ਨੌਜਵਾਨ ਦਾ ਕੁਹਾੜੀ ਨਾਲ ਕਤਲ, ਲੜਕੀ ਸਮੇਤ 6 ਜਣਿਆ ਨੇ ਵਾਰਦਾਤ ਨੂੰ ਦਿੱਤਾ ਅੰਜ਼ਾਮ
Bathinda Murder; ਪੰਜਾਬ ਦੇ ਬਠਿੰਡਾ-ਸਿਰਸਾ ਬਾਰਡਰ ’ਤੇ ਪਿੰਡ ਪਥਰਾਲਾ ਨੇੜੇ ਹਰਿਆਣਾ ਦੇ ਇੱਕ ਨੌਜਵਾਨ ਦਾ ਕੁਹਾੜੀ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਉਹ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਕੁੱਟਮਾਰ ਦੇ ਇੱਕ ਮਾਮਲੇ ਵਿੱਚ ਪੇਸ਼ੀ ਭੁਗਤਣ ਜਾ ਰਿਹਾ ਸੀ। ਰਸਤੇ ਵਿੱਚ ਕਾਰ ਸਵਾਰ ਹਮਲਾਵਰਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਖੇਤਾਂ ਵਿੱਚ ਘੇਰ ਕੇ ਉਸ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਸਿਰ ’ਤੇ ਕੁਹਾੜੀ ਦੇ ਕਈ ਵਾਰ ਕੀਤੇ ਗਏ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਡੇਢ ਸਾਲ ਪੁਰਾਣੀ ਰੰਜਿਸ਼ ਦਾ ਸ਼ੱਕ
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਕਤਲ ਪਿੱਛੇ ਕਰੀਬ ਡੇਢ ਸਾਲ ਪੁਰਾਣੀ ਰੰਜਿਸ਼ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਮਸੀਤਾਂ ਦੇ ਗੁਰਸੇਵਕ ਸਿੰਘ ਦਾ ਕਤਲ ਕੀਤਾ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਵੀ ਗਿਆ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਜ਼ਮਾਨਤ ’ਤੇ ਬਾਹਰ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਇਸੇ ਕਤਲ ਦਾ ਬਦਲਾ ਲੈਣ ਲਈ ਕੁਲਦੀਪ ਨੂੰ ਨਿਸ਼ਾਨਾ ਬਣਾਇਆ ਗਿਆ।
6 ਨਾਮਜ਼ਦ, ਇੱਕ ਲੜਕੀ ਵੀ ਸ਼ਾਮਲ
ਪੁਲਿਸ ਨੇ ਇੱਕ ਲੜਕੀ ਸਮੇਤ 6 ਲੋਕਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਹਰਸ਼ ਸਿੰਘ, ਸਚਿਨ ਬਿਸ਼ਨੋਈ, ਸੁਖਬੀਰ ਸਿੰਘ, ਵੀਰਦਵਿੰਦਰ ਸਿੰਘ ਉਰਫ਼ ਗੋਰੀ, ਸਰਬਜੀਤ ਸਿੰਘ ਅਤੇ ਸੱਤੀ ਕੌਰ ਸ਼ਾਮਲ ਹਨ। ਮੁਲਜ਼ਮਾਂ ਤੋਂ ਇਲਾਵਾ ਅਣਪਛਾਤੇ ਲੋਕਾਂ ਖ਼ਿਲਾਫ਼ ਵੀ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸਬੂਤ
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਜ਼ਰੂਰੀ ਸਬੂਤ ਇਕੱਠੇ ਕੀਤੇ ਹਨ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ CIA ਅਤੇ ਥਾਣਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਜਾਰੀ ਹੈ।