ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਵਿਦੇਸ਼ੀ ਤਸਕਰਾਂ ਨਾਲ ਜੁੜੇ 8 ਮੁਲਜ਼ਮ ਗ੍ਰਿਫ਼ਤਾਰ, ਕਰੋੜਾਂ ਦੀ ਖੇਪ ਬਰਾਮਦ
ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਨੈੱਟਵਰਕ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 9 ਕਿਲੋ 549 ਗ੍ਰਾਮ ਹੈਰੋਇਨ, 5 ਕਿਲੋ 459 ਗ੍ਰਾਮ ਅਫੀਮ ਅਤੇ ਇੱਕ ਗੈਰ-ਕਾਨੂੰਨੀ .30 ਬੋਰ ਪਿਸਤੌਲ ਬਰਾਮਦ ਕੀਤਾ ਹੈ।
ਪੁਲਿਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਦੇ ਸੰਪਰਕ ਵਿੱਚ ਸਨ। ਇਨ੍ਹਾਂ ਨੂੰ ਡਰੋਨ ਰਾਹੀਂ ਹੈਰੋਇਨ, ਅਫੀਮ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀਆਂ ਖੇਪਾਂ ਪਹੁੰਚਾਈਆਂ ਜਾਂਦੀਆਂ ਸਨ, ਜਿਸ ਤੋਂ ਬਾਅਦ ਇਹ ਅੱਗੇ ਸਪਲਾਈ ਕਰਦੇ ਸਨ।
ਪੁਲਿਸ ਨੇ ਇਸ ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਵੀ ਕਰ ਲਈ ਹੈ, ਜਿਨ੍ਹਾਂ ਦੇ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਤਿੰਨ ਥਾਣਿਆਂ ਵਿੱਚ ਦਰਜ ਹੋਈ FIR, ਜਾਂਚ ਤੇਜ਼
ਇਸ ਮਾਮਲੇ ਸਬੰਧੀ ਅੰਮ੍ਰਿਤਸਰ ਦੇ ਥਾਣਾ ਕੈਂਟੋਨਮੈਂਟ, ਥਾਣਾ ਏ-ਡਿਵੀਜ਼ਨ ਅਤੇ ਥਾਣਾ ਛੇਹਰਟਾ ਵਿੱਚ ਵੱਖ-ਵੱਖ FIR ਦਰਜ ਕੀਤੀਆਂ ਗਈਆਂ ਹਨ।
ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੂਰੇ ਨੈੱਟਵਰਕ ਦੀ ਬੈਕਵਰਡ ਅਤੇ ਫਾਰਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਦੇਸ਼ ਬੈਠੇ ਤਸਕਰਾਂ ਨਾਲ ਕਿਵੇਂ ਜੁੜੇ ਤਾਰ?
ਜਾਂਚ ਦਾ ਮਕਸਦ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨਾ ਅਤੇ ਨਸ਼ਾ ਤਸਕਰੀ ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਵਿੱਚ ਸ਼ਾਮਲ ਸਾਰੇ ਲੋਕਾਂ ਤੱਕ ਪਹੁੰਚਣਾ ਹੈ।
ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਤਸਕਰਾਂ ਨਾਲ ਮੁਲਜ਼ਮਾਂ ਦੇ ਸੰਪਰਕ ਕਿਵੇਂ ਬਣੇ ਅਤੇ ਡਰੋਨ ਰਾਹੀਂ ਖੇਪ ਪਹੁੰਚਣ ਤੋਂ ਬਾਅਦ ਇਹ ਕਿਹੜੇ ਲੋਕਾਂ ਤੱਕ ਸਪਲਾਈ ਕੀਤੀ ਜਾਂਦੀ ਸੀ।
ਬਾਰਡਰ ਪਾਰ ਤਸਕਰੀ ‘ਤੇ ਪੁਲਿਸ ਦੀ ਸਖ਼ਤ ਨਜ਼ਰ
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸਰਹੱਦ ਪਾਰੋਂ ਹੋਣ ਵਾਲੀ ਤਸਕਰੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।
ਨਸ਼ਾ ਤਸਕਰੀ, ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਅਤੇ ਸੰਗਠਿਤ ਅਪਰਾਧਿਕ ਨੈੱਟਵਰਕ ਖ਼ਿਲਾਫ਼ ਪੁਲਿਸ ਦੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।
