ਲੁਧਿਆਣਾ ‘ਚ ਦਿਲ ਦਹਿਲਾਉਣ ਵਾਲਾ ਹਾਦਸਾ! ਸਕੂਲ ਬੱਸ ਨੇ 3 ਸਾਲਾ ਬੱਚੇ ਨੂੰ ਕੁਚਲਿਆ, ਹੋਈ ਦਰਦਨਾਕ ਮੌਤ
Ludhiana School Van Accident; ਲੁਧਿਆਣਾ ਦੇ ਕੋਹਾੜਾ ਇਲਾਕੇ ਦੇ ਪਿੰਡ ਸ਼ਾਲੂ ਭੈਣੀ ਵਿੱਚ ਬੁੱਧਵਾਰ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰ ਗਿਆ। ਇੱਕ ਪ੍ਰਾਈਵੇਟ ਸਕੂਲ ਦੀ ਬੱਸ ਹੇਠਾਂ ਆਉਣ ਕਾਰਨ 3 ਸਾਲਾ ਮਾਸੂਮ ਸਮਰਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦੇ ਅੱਗੇ ਅਤੇ ਪਿੱਛੇ ਦੋਵੇਂ ਟਾਇਰ ਬੱਚੇ ਦੇ ਉੱਪਰੋਂ ਲੰਘ ਗਏ।
ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਵਜੇ ਮਾਂ ਅਮਨਦੀਪ ਆਪਣੀ ਧੀ ਰਮਨਦੀਪ ਕੌਰ ਨੂੰ ਸਕੂਲ ਬੱਸ ਵਿੱਚ ਬਿਠਾਉਣ ਲਈ ਘਰ ਦੇ ਬਾਹਰ ਆਈ ਸੀ। ਉਸ ਦੇ ਨਾਲ 3 ਸਾਲਾ ਪੁੱਤਰ ਸਮਰਦੀਪ ਵੀ ਸੀ। ਜਦੋਂ ਮਾਂ ਧੀ ਨੂੰ ਬੱਸ ਵਿੱਚ ਚੜ੍ਹਾ ਰਹੀ ਸੀ ਤਾਂ ਸਮਰਦੀਪ ਬੱਸ ਦੇ ਅੱਗੇ ਚਲਾ ਗਿਆ। ਇਸੇ ਦੌਰਾਨ ਡਰਾਈਵਰ ਨੇ ਬੱਸ ਚਲਾ ਦਿੱਤੀ ਅਤੇ ਮਾਸੂਮ ਨੂੰ ਦੇਖ ਨਾ ਸਕਿਆ, ਜਿਸ ਕਾਰਨ ਬੱਸ ਉਸ ਦੇ ਉੱਪਰੋਂ ਲੰਘ ਗਈ।
ਪਰਿਵਾਰ ਦਾ ਦੋਸ਼ ਹੈ ਕਿ ਹਾਦਸੇ ਤੋਂ ਬਾਅਦ ਡਰਾਈਵਰ ਬੱਸ ਰੋਕਣ ਦੀ ਬਜਾਏ ਮੌਕੇ ਤੋਂ ਫਰਾਰ ਹੋਣ ਲੱਗਾ। ਪਿੰਡ ਵਾਸੀਆਂ ਨੇ ਆਪਣੀਆਂ ਗੱਡੀਆਂ ਨਾਲ ਉਸ ਦਾ ਪਿੱਛਾ ਕਰਕੇ ਕੁਝ ਦੂਰੀ ‘ਤੇ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਮ੍ਰਿਤਕ ਦੇ ਚਾਚਾ ਰਸ਼ਪਿੰਦਰ ਸਿੰਘ ਨੇ ਦੱਸਿਆ ਕਿ ਬੱਸ ਵਿੱਚ ਬੱਚਿਆਂ ਨੂੰ ਚੜ੍ਹਾਉਣ ਅਤੇ ਉਤਾਰਨ ਲਈ ਕੋਈ ਅਟੈਂਡੈਂਟ ਮੌਜੂਦ ਨਹੀਂ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਡਰਾਈਵਰ ਕਰੀਬ 19 ਸਾਲ ਦਾ ਹੈ ਅਤੇ ਉਸ ਕੋਲ ਵੈਧ ਡਰਾਈਵਿੰਗ ਲਾਇਸੈਂਸ ਵੀ ਨਹੀਂ ਸੀ। ਜਦੋਂ ਲਾਇਸੈਂਸ ਦਿਖਾਉਣ ਲਈ ਕਿਹਾ ਗਿਆ ਤਾਂ ਉਸ ਨੇ ਦੱਸਿਆ ਕਿ ਲਾਇਸੈਂਸ ਦੀ ਤਸਵੀਰ ਮੋਬਾਈਲ ਵਿੱਚ ਹੈ, ਪਰ ਫੋਨ ਟੁੱਟਿਆ ਹੋਣ ਕਾਰਨ ਉਹ ਵਿਖਾ ਨਹੀਂ ਸਕਿਆ।
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਗਾਇਆ ਕਿ ਸਕੂਲ ਬੱਸ ਦੀ ਹਾਲਤ ਵੀ ਠੀਕ ਨਹੀਂ ਸੀ। ਬੱਸ ਹਰਿਆਣਾ ਨੰਬਰ ਦੀ ਸੀ ਅਤੇ ਇਸ ‘ਤੇ ਹਾਈ ਸਕਿਉਰਿਟੀ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ। ਉਨ੍ਹਾਂ ਨੇ ਮੰਗ ਕੀਤੀ ਕਿ ਸਾਰੀਆਂ ਸਕੂਲ ਬੱਸਾਂ ਦੀ ਜਾਂਚ ਕਰਕੇ ਸੁਰੱਖਿਆ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਲਾਪਰਵਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਥਾਣਾ ਕੁਮਕਲਾਂ ਦੇ ਹੈੱਡ ਕਾਂਸਟੇਬਲ ਜਗਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੇਕਰ ਡਰਾਈਵਰ ਕੋਲ ਵੈਧ ਲਾਇਸੈਂਸ ਨਾ ਹੋਣ ਜਾਂ ਕਿਸੇ ਹੋਰ ਤਰ੍ਹਾਂ ਦੀ ਲਾਪਰਵਾਹੀ ਸਾਬਤ ਹੁੰਦੀ ਹੈ ਤਾਂ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਮਾਸੂਮ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਟ੍ਰੈਫਿਕ ਮਾਹਿਰ ਅਜੈ ਸ਼ਰਮਾ ਨੇ ਕਿਹਾ ਕਿ ਸਕੂਲ ਬੱਸ ਵਿੱਚ ਸੁਰੱਖਿਆ ਨਿਯਮਾਂ ਦੀ ਕਈ ਪੱਧਰਾਂ ‘ਤੇ ਉਲੰਘਣਾ ਹੋਈ ਹੈ। ਉਨ੍ਹਾਂ ਮੁਤਾਬਕ ਬਾਹਰੀ ਰਾਜ ਦੀ ਨੰਬਰ ਪਲੇਟ ਵਾਲੀ ਬੱਸ, ਹਾਈ ਸਕਿਉਰਿਟੀ ਨੰਬਰ ਪਲੇਟ ਦੀ ਕਮੀ, ਫਿਟਨੈੱਸ ਅਤੇ ਸਕੂਲ ਪਰਮਿਟ ਨਾ ਹੋਣਾ ਅਤੇ ਅਟੈਂਡੈਂਟ ਦੀ ਗੈਰਹਾਜ਼ਰੀ ਗੰਭੀਰ ਲਾਪਰਵਾਹੀ ਹੈ। ਉਨ੍ਹਾਂ ਨੇ ਟਰਾਂਸਪੋਰਟ ਵਿਭਾਗ, ਟ੍ਰੈਫਿਕ ਪੁਲਿਸ ਅਤੇ ਸਕੂਲ ਪ੍ਰਸ਼ਾਸਨ ਦੀ ਭੂਮਿਕਾ ਦੀ ਵੀ ਜਾਂਚ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।