ਫਿਲੌਰ ‘ਚ ਚਲਦੀ ਪੰਜਾਬ ਰੋਡਵੇਜ਼ ਬੱਸ ਦਾ ਟਾਇਰ ਫਟਿਆ: ਬੇਕਾਬੂ ਹੋ ਕੇ ਹਾਦਸਾਗ੍ਰਸਤ, 45 ਯਾਤਰੀ ਸਨ ਸਵਾਰ
ਜਲੰਧਰ-ਲੁਧਿਆਣਾ ਰਾਸ਼ਟਰੀ ਰਾਜਮਾਰਗ ‘ਤੇ ਫਿਲੌਰ ਦੇ ਪਿੰਡ ਭਟੀਆਂ ਨੇੜੇ ਮੰਗਲਵਾਰ ਰਾਤ 8 ਵਜੇ ਦੇ ਕਰੀਬ ਇੱਕ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਲੁਧਿਆਣਾ ਤੋਂ ਜਲੰਧਰ ਵੱਲ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਚਲਦੀ ਗੱਡੀ ‘ਚ ਅਚਾਨਕ ਟਾਇਰ ਫਟਣ ਨਾਲ ਬੱਸ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਹਾਦਸੇ ਸਮੇਂ ਬੱਸ ਵਿੱਚ ਲਗਭਗ 45 ਯਾਤਰੀ ਸਵਾਰ ਸਨ।
ਇਸ ਭਿਆਨਕ ਹਾਦਸੇ ਵਿੱਚ ਇੱਕ ਯਾਤਰੀ ਰਣਜੀਤ ਸਿੰਘ ਦੀ ਲੱਤ ਟੁੱਟ ਗਈ, ਜਦੋਂ ਕਿ ਕਈ ਹੋਰ ਸਵਾਰੀਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ।
ਰੋਡ ਸੇਫਟੀ ਫੋਰਸ ਨੇ ਜ਼ਖਮੀ ਨੂੰ ਪਹੁੰਚਾਇਆ ਹਸਪਤਾਲ
ਰੋਡ ਸੇਫਟੀ ਫੋਰਸ (RSF) ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਰਾਹਗੀਰਾਂ ਤੋਂ ਸੂਚਨਾ ਮਿਲਦੇ ਹੀ ਉਨ੍ਹਾਂ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ। ਟੀਮ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਯਾਤਰੀ ਰਣਜੀਤ ਸਿੰਘ ਨੂੰ 108 ਐਂਬੂਲੈਂਸ ਦੀ ਮਦਦ ਨਾਲ ਫਿਲੌਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ। ਇਸ ਦੇ ਨਾਲ ਹੀ ਸਥਾਨਕ ਪੁਲਿਸ ਨੂੰ ਸੂਚਿਤ ਕਰਕੇ ਬੱਸ ਨੂੰ ਅਗਲੇਰੀ ਕਾਰਵਾਈ ਲਈ ਥਾਣੇ ਭੇਜ ਦਿੱਤਾ ਗਿਆ ਹੈ।
ਡਰਾਈਵਰ ਦਾ ਖੁਲਾਸਾ: ਅਧਿਕਾਰੀਆਂ ਦੀ ਅਣਗਹਿਲੀ ਆਈ ਸਾਹਮਣੇ
ਬੱਸ ਡਰਾਈਵਰ ਕੁਲਦੀਪ ਸਿੰਘ ਨੇ ਵਿਭਾਗ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਹ ਬੱਸ ਦੇ ਖਰਾਬ ਟਾਇਰਾਂ ਬਾਰੇ ਲੰਬੇ ਸਮੇਂ ਤੋਂ ਉੱਚ ਅਧਿਕਾਰੀਆਂ ਨੂੰ ਚੇਤਾਵਨੀ ਦੇ ਰਿਹਾ ਸੀ। ਡਰਾਈਵਰ ਅਨੁਸਾਰ ਉਸ ਨੇ ਪਹਿਲਾਂ ਹੀ ਅੰਦੇਸ਼ਾ ਜਤਾਇਆ ਸੀ ਕਿ ਮਾੜੀ ਹਾਲਤ ਵਾਲੇ ਟਾਇਰਾਂ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਪਰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਨਵੇਂ ਟਾਇਰ ਨਹੀਂ ਪਵਾਏ ਗਏ।
ਬੱਸ ਦਾ ਹੋਇਆ ਭਾਰੀ ਨੁਕਸਾਨ
ਪ੍ਰਤੱਖਦਰਸ਼ੀਆਂ ਮੁਤਾਬਕ ਟਾਇਰ ਇੰਨੀ ਜ਼ੋਰਦਾਰ ਧਮਾਕੇ ਨਾਲ ਫਟਿਆ ਕਿ ਇਸ ਦਾ ਅਸਰ ਬੱਸ ਦੀ ਪੂਰੀ ਬਾਡੀ ਅਤੇ ਅੰਦਰੂਨੀ ਹਿੱਸੇ ‘ਤੇ ਪਿਆ, ਜਿਸ ਨਾਲ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਹੈ। ਖ਼ੁਸ਼ਕਿਸਮਤੀ ਇਹ ਰਹੀ ਕਿ ਕੋਈ ਵੱਡਾ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਇੱਕ ਵੱਡਾ ਹਾਦਸਾ ਟਲ ਗਿਆ।
