ਤੇਜ਼ ਰਫ਼ਤਾਰ ਬੱਸ ਨੇ 4 ਲੋਕਾਂ ਨੂੰ ਦਰੜਿਆ, 2 ਦੀ ਮੌਤ; ਲੋਕਾਂ ਨੇ ਨੇ ਬੱਸ ਨੂੰ ਲਗਾਈ ਅੱਗ
ਪਠਾਨਕੋਟ ਦੇ ਨੈਸ਼ਨਲ ਹਾਈਵੇਅ ‘ਤੇ ਬੁੱਧਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਲੰਧਰ ਤੋਂ ਜੰਮੂ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਨਿੱਜੀ ਬੱਸ ਨੇ ਸੜਕ ਕਿਨਾਰੇ ਖੜ੍ਹੇ ਚਾਰ ਲੋਕਾਂ ਨੂੰ ਕੁਚਲ ਦਿੱਤਾ। ਇਸ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਗੁੱਸੇ ਵਿੱਚ ਆਏ ਸਥਾਨਕ ਲੋਕਾਂ ਨੇ ਬੱਸ ਨੂੰ ਅੱਗ ਲਗਾ ਦਿੱਤੀ।
ਸੰਤੁਲਨ ਵਿਗੜਨ ਕਾਰਨ ਵਾਪਰਿਆ ਹਾਦਸਾ
ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਲਗਭਗ 10 ਵਜੇ ਪਿੰਡ ਕੌਂਤਰਪੁਰ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਬੱਸ ਚਾਲਕ ਗੱਡੀ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਸੜਕ ਕਿਨਾਰੇ ਖੜ੍ਹੇ ਲੋਕਾਂ ‘ਤੇ ਚੜ੍ਹ ਗਈ। ਇਸ ਦੌਰਾਨ ਬੱਸ ਦੀ ਲਪੇਟ ‘ਚ ਆਉਣ ਨਾਲ ਇੱਕ ਸਕੂਟੀ ਸਵਾਰ, ਇੱਕ ਮੋਟਰਸਾਈਕਲ ਸਵਾਰ ਅਤੇ ਦੋ ਹੋਰ ਲੋਕ ਗੰਭੀਰ ਰੂਪ ‘ਚ ਚਪੇਟ ‘ਚ ਆ ਗਏ।
ਲੋਕਾਂ ਦਾ ਫੁੱਟਿਆ ਗੁੱਸਾ, ਪੁਲਿਸ ਨੇ ਸਥਿਤੀ ‘ਤੇ ਪਾਇਆ ਕਾਬੂ
ਹਾਦਸੇ ਤੋਂ ਤੁਰੰਤ ਬਾਅਦ ਮੌਕੇ ‘ਤੇ ਇਕੱਠੇ ਹੋਏ ਗੁੱਸੇ ਵਿੱਚ ਆਏ ਲੋਕਾਂ ਨੇ ਹੰਗਾਮਾ ਕਰਦਿਆਂ ਬੱਸ ਨੂੰ ਘੇਰ ਲਿਆ ਅਤੇ ਉਸ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਗਲ ਭੂਰ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸ਼ਾਂਤ ਕਰਵਾਇਆ।
ਪੁਲਿਸ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਹਾਦਸੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
