CJP ਪ੍ਰਦਰਸ਼ਨ ਕਾਰਨ ਦਿੱਲੀ ’ਚ ਹਲਚਲ: 16 ਮੈਟਰੋ ਸਟੇਸ਼ਨ ਬੰਦ, ਬੰਗਾਲ ਤੋਂ ਏਅਰਲਿਫਟ ਕੀਤੇ 2 ਹਜ਼ਾਰ CRPF ਜਵਾਨ
ਨਵੀਂ ਦਿੱਲੀ:
ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ ’ਤੇ ‘ਕਾਕਰੋਚ ਜਨਤਾ ਪਾਰਟੀ’ (CJP) ਦਾ ਅੰਦੋਲਨ ਲਗਾਤਾਰ ਉਗਰ ਹੁੰਦਾ ਜਾ ਰਿਹਾ ਹੈ। ਪ੍ਰਦਰਸ਼ਨ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ। ਸਥਿਤੀ ਨੂੰ ਕੰਟਰੋਲ ਵਿੱਚ ਰੱਖਣ ਲਈ ਦਿੱਲੀ ਦੇ 16 ਮੈਟਰੋ ਸਟੇਸ਼ਨਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਛੋਟੇ-ਵੱਡੇ ਮੁਸਾਫਰਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਦੌਰਾਨ, ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਪੱਛਮੀ ਬੰਗਾਲ ਤੋਂ 2 ਹਜ਼ਾਰ ਸੀ.ਆਰ.ਪੀ.ਐੱਫ (CRPF) ਜਵਾਨਾਂ ਨੂੰ ਤੁਰੰਤ ਦਿੱਲੀ ਲਈ ਏਅਰਲਿਫਟ ਕੀਤਾ ਹੈ।
ਸਰਕਾਰ ਦੀ ਦੂਜੀ ਵਾਰ ਗੱਲਬਾਤ ਦੀ ਪੇਸ਼ਕਸ਼, CJP ਨੇ ਰੱਖੀ ਸ਼ਰਤ
ਜੰਤਰ-ਮੰਤਰ ’ਤੇ ਲਗਾਤਾਰ ਡਟੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਕੇਂਦਰ ਸਰਕਾਰ ਨੇ ਦੂਜੀ ਵਾਰ ਅੰਦੋਲਨਕਾਰੀਆਂ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਹੈ। CJP ਦੇ ਪ੍ਰਵਕਤਾ ਸੌਰਵ ਦਾਸ ਨੇ ਸਰਕਾਰ ਵੱਲੋਂ ਆਏ ਇਸ ਸੱਦੇ ਦੀ ਪੁਸ਼ਟੀ ਕੀਤੀ ਹੈ।
ਸੌਰਵ ਦਾਸ ਨੇ ਦੱਸਿਆ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਤੇ ਕੇਂਦਰੀ ਮੰਤਰੀ ਜੇ.ਪੀ. ਨੱਡਾ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਨਿਵਾਸ ਅਸਥਾਨ ’ਤੇ ਬੁਲਾਇਆ ਸੀ। ਹਾਲਾਂਕਿ, CJP ਨੇ ਸਰਕਾਰ ਦੇ ਇਸ ਪ੍ਰਸਤਾਵ ‘ਤੇ ਆਪਣਾ ਸਟੈਂਡ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਉਹ ਮੰਤਰੀ ਦੇ ਘਰ ਜਾਣ ਦੀ ਬਜਾਏ ਚਾਹੁੰਦੇ ਹਨ ਕਿ ਸਰਕਾਰ ਦਾ ਪ੍ਰਤੀਨਿਧੀ ਖ਼ੁਦ ਜੰਤਰ-ਮੰਤਰ ‘ਤੇ ਆ ਕੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਆਗੂਆਂ ਨਾਲ ਗੱਲਬਾਤ ਕਰੇ।
ਸੁਰੱਖਿਆ ਦੇੜ੍ਹ ਪ੍ਰਬੰਧ ਅਤੇ ਆਮ ਜਨ-ਜੀਵਨ ’ਤੇ ਅਸਰ
- ਮੈਟਰੋ ਸੇਵਾਵਾਂ ਪ੍ਰਭਾਵਿਤ: ਦਿੱਲੀ ਦੇ ਮੁੱਖ ਅਤੇ ਸੰਵੇਦਨਸ਼ੀਲ ਇਲਾਕਿਆਂ ‘ਚ ਪੈਂਦੇ 16 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਪ੍ਰਦਰਸ਼ਨਕਾਰੀ ਹੋਰ ਥਾਵਾਂ ‘ਤੇ ਇਕੱਠੇ ਨਾ ਹੋ ਸਕਣ।
- ਵਾਧੂ ਬਲ ਤਾਇਨਾਤ: ਬੰਗਾਲ ਤੋਂ ਪਹੁੰਚੇ 2,000 CRPF ਜਵਾਨਾਂ ਤੋਂ ਇਲਾਵਾ ਦਿੱਲੀ ਪੁਲਿਸ ਅਤੇ ਪੈਰਾ-ਮਿਲਟਰੀ ਬਲਾਂ ਦੇ ਹਜ਼ਾਰਾਂ ਜਵਾਨਾਂ ਨੂੰ ਜੰਤਰ-ਮੰਤਰ ਅਤੇ ਲੁਟੀਅਨਜ਼ ਦਿੱਲੀ ਦੇ ਆਸ-ਪਾਸ ਤਾਇਨਾਤ ਕੀਤਾ ਗਿਆ ਹੈ।
- ਟ੍ਰੈਫਿਕ ਜਾਮ: ਹਾਈ-ਸਿਕਿਓਰਿਟੀ ਜ਼ੋਨ ਵਿੱਚ ਬੈਰੀਕੇਡਿੰਗ ਕਾਰਨ ਸੈਂਟਰਲ ਦਿੱਲੀ ਦੀਆਂ ਮੁੱਖ ਸੜਕਾਂ ‘ਤੇ ਭਾਰੀ ਟ੍ਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।
