ਕੈਨੇਡਾ ਤੋਂ ਦੁਖਦਾਈ ਖ਼ਬਰ: ਪੰਜਾਬੀ ਨੌਜਵਾਨ ਧੀ ਦਾ ਗੋਲੀਆਂ ਮਾਰ ਕੇ ਕਤਲ
Punjabi Girl Shot Dead in Toronto; ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਟੋਰਾਂਟੋ ਵਿੱਚ ਰਹਿਣ ਵਾਲੀ 27 ਸਾਲਾ ਪੰਜਾਬੀ ਮੁਟਿਆਰ ਨਵਨੀਤ ਕੌਰ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਮਾਮਲੇ ਵਿੱਚ ਪੁਲਿਸ ਨੇ ਪੰਜਾਬੀ ਮੂਲ ਦੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ, ਮੁਲਜ਼ਮ ਦੀ ਪਛਾਣ ਬਰੈਂਪਟਨ ਨਿਵਾਸੀ ਸ਼ਰਨਜੀਤ ਸਿੰਘ ਵਜੋਂ ਹੋਈ ਹੈ, ਜਿਸ ‘ਤੇ ਪਹਿਲੀ ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਟੋਰਾਂਟੋ ਪੁਲਿਸ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਸ਼ੁੱਕਰਵਾਰ 24 ਜੁਲਾਈ ਨੂੰ ਸਵੇਰੇ ਕਰੀਬ 7:23 ਵਜੇ ਹੰਬਰਵੁੱਡ ਬੁਲੇਵਾਰਡ ਅਤੇ ਰੈਕਸਡੇਲ ਬੁਲੇਵਾਰਡ ਇਲਾਕੇ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਸੀ। ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨਵਨੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਮਿਲੀ। ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗੋਲੀ ਚਲਾਉਣ ਤੋਂ ਪਹਿਲਾਂ ਪੀੜਤਾ ਅਤੇ ਮੁਲਜ਼ਮ ਵਿਚਾਲੇ ਕੁਝ ਸਮੇਂ ਲਈ ਗੱਲਬਾਤ ਹੋਈ ਸੀ। ਹਾਲਾਂਕਿ, ਦੋਵਾਂ ਵਿਚਕਾਰ ਕੀ ਸਬੰਧ ਸਨ, ਇਸ ਬਾਰੇ ਪੁਲਿਸ ਨੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਪੁਲਿਸ ਦਾ ਕਹਿਣਾ ਹੈ ਕਿ ਇਹ ਇੱਕ ਨਿਸ਼ਾਨਾ ਬਣਾ ਕੇ ਕੀਤਾ ਗਿਆ ਹਮਲਾ ਸੀ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ ਸੀ, ਪਰ ਬਾਅਦ ਵਿੱਚ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਵੱਲੋਂ ਚਲਾਏ ਗਏ ਖੋਜ ਅਭਿਆਨ ਦੌਰਾਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
