ਕੇਅਰਟੇਕਰ ਨੇ ਬਜ਼ੁਰਗ ਮਹਿਲਾ ਦਾ ਕੀਤਾ ਕਤਲ, CCTV ਫੁਟੇਜ ਨਾਲ ਖੁੱਲ੍ਹਿਆ ਰਾਜ਼
Rajpura Murder Case; ਰਾਜਪੁਰਾ ਤੋਂ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੇਡੀ ਕੇਅਰਟੇਕਰ ਨੇ ਕਥਿਤ ਤੌਰ ‘ਤੇ ਬਜ਼ੁਰਗ ਮਹਿਲਾ ਦੀ ਹੱਤਿਆ ਕਰ ਦਿੱਤੀ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕਾ ਦਾ ਪੁੱਤਰ ਵਿਦੇਸ਼ ਤੋਂ ਵਾਪਸ ਆਇਆ ਅਤੇ ਉਸ ਨੇ ਘਰ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ।
CCTV ਫੁਟੇਜ ਵਿੱਚ ਦਿਖਾਈ ਦੇ ਰਿਹਾ ਹੈ ਕਿ ਬਜ਼ੁਰਗ ਮਹਿਲਾ ਮੰਜੇ ‘ਤੇ ਲੇਟੀ ਹੋਈ ਸੀ ਅਤੇ ਉਸ ਦੇ ਸਿਰ ਹੇਠਾਂ ਤਕੀਆ ਰੱਖਿਆ ਹੋਇਆ ਸੀ। ਪੁਲਿਸ ਮੁਤਾਬਕ, ਕੇਅਰਟੇਕਰ ਨੇ ਕਥਿਤ ਤੌਰ ‘ਤੇ ਉਸੇ ਤਕੀਏ ਨਾਲ ਮਹਿਲਾ ਦਾ ਮੂੰਹ ਦਬਾਇਆ ਅਤੇ ਉਸ ਨੂੰ ਉਦੋਂ ਤੱਕ ਦਬਾਈ ਰੱਖਿਆ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ।
ਮ੍ਰਿਤਕਾ ਦੀ ਪਛਾਣ ਪਿੰਡ ਗੱਦੋ ਮਾਜਰਾ ਵਾਸੀ ਮਨਜੀਤ ਕੌਰ ਵਜੋਂ ਹੋਈ ਹੈ। ਪਹਿਲਾਂ ਪਰਿਵਾਰ ਨੂੰ ਦੱਸਿਆ ਗਿਆ ਸੀ ਕਿ ਮਨਜੀਤ ਕੌਰ ਦੀ ਮੌਤ ਕੁਦਰਤੀ ਤਰੀਕੇ ਨਾਲ ਹੋਈ ਹੈ, ਪਰ CCTV ਸਾਹਮਣੇ ਆਉਣ ਤੋਂ ਬਾਅਦ ਮਾਮਲਾ ਪਲਟ ਗਿਆ। ਪੁਲਿਸ ਨੇ ਕੇਅਰਟੇਕਰ ਸੁਨੀਤਾ ਕੌਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
ਜੂਨ ਮਹੀਨੇ ਵਿੱਚ ਰੱਖੀ ਗਈ ਸੀ ਕੇਅਰਟੇਕਰ
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਮ੍ਰਿਤਕਾ ਦੀ ਨੂੰਹ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਸੱਸ ਮਨਜੀਤ ਕੌਰ ਘਰ ਵਿੱਚ ਇਕੱਲੀ ਰਹਿੰਦੀ ਸੀ। ਉਸ ਦੀ ਦੇਖਭਾਲ ਲਈ ਜੂਨ ਮਹੀਨੇ ਦੇ ਪਹਿਲੇ ਹਫ਼ਤੇ ਪਿੰਡ ਦੀ ਰਹਿਣ ਵਾਲੀ ਸੁਨੀਤਾ ਕੌਰ ਨੂੰ ਕੇਅਰਟੇਕਰ ਵਜੋਂ ਰੱਖਿਆ ਗਿਆ ਸੀ।
ਸੁਨੀਤਾ ਨੂੰ 15 ਹਜ਼ਾਰ ਰੁਪਏ ਮਹੀਨਾ ਤਨਖਾਹ ਤੈਅ ਕੀਤੀ ਗਈ ਸੀ ਅਤੇ ਉਸ ਨੂੰ 50 ਹਜ਼ਾਰ ਰੁਪਏ ਐਡਵਾਂਸ ਵੀ ਦਿੱਤੇ ਗਏ ਸਨ। 22 ਜੁਲਾਈ ਦੀ ਰਾਤ ਕਰੀਬ 10:15 ਵਜੇ ਕੇਅਰਟੇਕਰ ਨੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਮਨਜੀਤ ਕੌਰ ਅੱਖਾਂ ਨਹੀਂ ਖੋਲ੍ਹ ਰਹੀ। ਜਦੋਂ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਬਜ਼ੁਰਗ ਮਹਿਲਾ ਮੰਜੇ ‘ਤੇ ਮ੍ਰਿਤਕ ਮਿਲੀ, ਜਿਸ ਨੂੰ ਪਹਿਲਾਂ ਕੁਦਰਤੀ ਮੌਤ ਮੰਨਿਆ ਗਿਆ।
ਗੰਦਗੀ ਤੋਂ ਪਰੇਸ਼ਾਨ ਹੋ ਕੇ ਕਤਲ ਕਰਨ ਦਾ ਦੋਸ਼
ਪੁਲਿਸ ਜਾਂਚ ਵਿੱਚ ਕਥਿਤ ਤੌਰ ‘ਤੇ ਕਤਲ ਦੇ ਪਿੱਛੇ ਇੱਕ ਹੈਰਾਨ ਕਰਨ ਵਾਲਾ ਕਾਰਨ ਸਾਹਮਣੇ ਆਇਆ ਹੈ। ਜਾਂਚ ਮੁਤਾਬਕ, ਬੁਢਾਪੇ ਅਤੇ ਬਿਮਾਰੀ ਕਾਰਨ ਮਨਜੀਤ ਕੌਰ ਅਕਸਰ ਬਿਸਤਰੇ ‘ਤੇ ਹੀ ਪਖਾਨਾ ਕਰ ਦਿੰਦੀ ਸੀ, ਜਿਸ ਕਾਰਨ ਕੇਅਰਟੇਕਰ ਸੁਨੀਤਾ ਕੌਰ ਪਰੇਸ਼ਾਨ ਰਹਿੰਦੀ ਸੀ।
ਪੁਲਿਸ ਮੁਤਾਬਕ, 50 ਹਜ਼ਾਰ ਰੁਪਏ ਐਡਵਾਂਸ ਲੈਣ ਕਾਰਨ ਉਹ ਕੰਮ ਛੱਡ ਨਹੀਂ ਸਕਦੀ ਸੀ। ਇਸੇ ਰੰਜਿਸ਼ ਦੇ ਚਲਦਿਆਂ ਉਸ ਨੇ ਕਥਿਤ ਤੌਰ ‘ਤੇ ਯੋਜਨਾ ਬਣਾ ਕੇ ਤਕੀਏ ਨਾਲ ਬਜ਼ੁਰਗ ਮਹਿਲਾ ਦਾ ਸਾਹ ਘੁੱਟ ਦਿੱਤਾ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ।
