ਚੋਰੀ ਦੇ ਸ਼ੱਕ ‘ਚ ਮਾਸੜ ਨੇ ਨਬਾਲਗ ਭਾਣਜੀ ਨੂੰ ਦਿੱਤੀ ਖੌਫ਼ਨਾਕ ਸਜ਼ਾ, ਡੰਡਿਆਂ ਨਾਲ ਕੁੱਟ-ਕੁੱਟ ਉਤਾਰੀ ਮੌਤ ਦੇ ਘਾਟ
Amritsar Minor Girl Murder; ਅੰਮ੍ਰਿਤਸਰ ਪੁਲਿਸ ਨੇ 15 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿੱਚ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ, 15 ਜੁਲਾਈ 2026 ਨੂੰ ਥਾਣਾ ਗੇਟ ਹਕੀਮਾ ਵਿੱਚ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 103 ਅਤੇ 351(3)(5) ਤਹਿਤ ਕੇਸ ਦਰਜ ਕੀਤਾ ਗਿਆ ਸੀ।
ਅੰਮ੍ਰਿਤਸਰ ਦੇ ਡੀਸੀਪੀ (ਲਾਅ ਐਂਡ ਆਰਡਰ) ਆਲਮ ਵਿਜੈ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਸੁਜਲ ਸਹੋਤਾ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ 15 ਸਾਲਾ ਭੈਣ ਦੀ ਉਸ ਦੇ ਮਾਸੜ ਵਨੀਤ ਕੁਮਾਰ ਉਰਫ਼ ਸਨੀ ਅਤੇ ਉਸ ਦੇ ਦੋ ਸਾਥੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ।
₹2,000 ਭੇਜ ਕੇ ਅੰਮ੍ਰਿਤਸਰ ਬੁਲਾਇਆ
ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਨੇ ਸੁਜਲ ਸਹੋਤਾ ਅਤੇ ਉਸ ਦੀ ਭੈਣ ਨੂੰ ਜਲੰਧਰ ਤੋਂ ਆਪਣੇ ਘਰ ਅੰਮ੍ਰਿਤਸਰ ਬੁਲਾਇਆ ਸੀ। ਜਦੋਂ ਦੋਵਾਂ ਨੇ ਆਰਥਿਕ ਤੰਗੀ ਕਾਰਨ ਆਉਣ ਤੋਂ ਅਸਮਰੱਥਤਾ ਜਤਾਈ ਤਾਂ ਮੁਲਜ਼ਮ ਨੇ ਗੂਗਲ ਪੇ ਰਾਹੀਂ ₹2,000 ਭੇਜ ਦਿੱਤੇ। ਇਸ ਤੋਂ ਬਾਅਦ ਦੋਵੇਂ ਅੰਮ੍ਰਿਤਸਰ ਪਹੁੰਚ ਗਏ।
ਚੋਰੀ ਦਾ ਦੋਸ਼ ਲਾ ਕੇ ਕੀਤੀ ਬੇਰਹਿਮ ਕੁੱਟਮਾਰ
ਘਰ ਪਹੁੰਚਣ ਤੋਂ ਬਾਅਦ ਮੁਲਜ਼ਮ ਨੇ ਨਾਬਾਲਗ ਲੜਕੀ ‘ਤੇ ਸੋਨਾ ਅਤੇ ਅੰਗੂਠੀਆਂ ਚੋਰੀ ਕਰਨ ਦਾ ਦੋਸ਼ ਲਗਾਇਆ। ਇਸ ਤੋਂ ਬਾਅਦ ਉਹ ਉਸ ਨੂੰ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ਵਿੱਚ ਲੈ ਗਿਆ, ਦਰਵਾਜ਼ਾ ਬੰਦ ਕਰ ਦਿੱਤਾ ਅਤੇ ਡੰਡੇ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਲੜਕੀ ਦੀਆਂ ਚੀਕਾਂ ਸੁਣ ਕੇ ਉਸ ਦਾ ਭਰਾ ਅਤੇ ਮਾਸੀ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਮੁਲਜ਼ਮ ਨੇ ਦਰਵਾਜ਼ਾ ਨਹੀਂ ਖੋਲ੍ਹਿਆ।
ਦੋ ਹੋਰ ਸਾਥੀਆਂ ਨੇ ਵੀ ਕੀਤੀ ਕੁੱਟਮਾਰ
ਇਸ ਦੌਰਾਨ ਮੁਲਜ਼ਮ ਨੇ ਆਪਣੇ ਦੋ ਹੋਰ ਸਾਥੀਆਂ ਨੂੰ ਵੀ ਮੌਕੇ ‘ਤੇ ਬੁਲਾ ਲਿਆ। ਪੁਲਿਸ ਅਨੁਸਾਰ, ਦੋਵਾਂ ਨੇ ਵੀ ਕਮਰੇ ਵਿੱਚ ਜਾ ਕੇ ਲੜਕੀ ਨਾਲ ਕੁੱਟਮਾਰ ਕੀਤੀ।
ਕੁਝ ਸਮੇਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਲੜਕੀ ਬਿਨਾਂ ਕੱਪੜਿਆਂ ਦੇ ਕਮਰੇ ਵਿੱਚ ਪਈ ਸੀ ਅਤੇ ਉਸ ਦੇ ਸਰੀਰ ‘ਤੇ ਡੰਡਿਆਂ ਨਾਲ ਮਾਰ-ਕੁੱਟ ਦੇ ਡੂੰਘੇ ਨਿਸ਼ਾਨ ਸਨ। ਮਾਸੀ ਨੇ ਉਸ ਨੂੰ ਕੱਪੜੇ ਪਹਿਨਾਏ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਮੁੱਖ ਮੁਲਜ਼ਮ ਗ੍ਰਿਫ਼ਤਾਰ, ਡੰਡਾ ਬਰਾਮਦ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵਿਸ਼ੇਸ਼ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਅਤੇ ਮੁੱਖ ਮੁਲਜ਼ਮ ਵਨੀਤ ਕੁਮਾਰ ਉਰਫ਼ ਸਨੀ ਨੂੰ ਗ੍ਰਿਫ਼ਤਾਰ ਕਰ ਲਿਆ। ਵਾਰਦਾਤ ਵਿੱਚ ਵਰਤਿਆ ਗਿਆ ਡੰਡਾ ਵੀ ਬਰਾਮਦ ਕਰ ਲਿਆ ਗਿਆ ਹੈ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦੇ ਦੋ ਹੋਰ ਮੁਲਜ਼ਮ ਅਜੇ ਫ਼ਰਾਰ ਹਨ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।
NDPS ਐਕਟ ਤਹਿਤ ਪਹਿਲਾਂ ਵੀ ਦਰਜ ਹੈ ਕੇਸ
ਪੁਲਿਸ ਮੁਤਾਬਕ, 36 ਸਾਲਾ ਵਨੀਤ ਕੁਮਾਰ 12ਵੀਂ ਪਾਸ ਹੈ ਅਤੇ ਫਾਇਨੈਂਸ ਦਾ ਕੰਮ ਕਰਦਾ ਹੈ। ਉਸ ਦੇ ਖ਼ਿਲਾਫ਼ ਸਾਲ 2018 ਵਿੱਚ ਥਾਣਾ ਸੀ-ਡਿਵੀਜ਼ਨ, ਅੰਮ੍ਰਿਤਸਰ ਵਿੱਚ NDPS ਐਕਟ ਤਹਿਤ ਵੀ ਕੇਸ ਦਰਜ ਹੋ ਚੁੱਕਾ ਹੈ।
ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਫ਼ਰਾਰ ਦੋਵੇਂ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
