SAD ਅਤੇ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ, ਸਿਰਫ਼ ਸੱਤਾ ਲਈ ਗਠਜੋੜ ਕਰਨਾ ਮੁਨਾਸਿਬ ਨਹੀਂ…..
Giani Harpreet Singh; ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜਨਾਲਾ ਚ ਡਾ. ਰਤਨ ਸਿੰਘ ਅਜਨਾਲਾ ਦੇ ਘਰ ਉਹਨਾਂ ਨਾਲ ਮੁਲਾਕਾਤ ਕੀਤੀ ਗਈ। ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਪੰਥਕ ਸਿਆਸਤ, ਸਿਆਸੀ ਅਸੂਲਾਂ, ਗਠਜੋੜ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਡਾ. ਰਤਨ ਸਿੰਘ ਅਜਨਾਲਾ ਕੋਲ ਸਿਆਸਤ ਬਾਰੇ ਸਿੱਖਣ ਅਤੇ ਵਿਚਾਰ-ਵਟਾਂਦਰਾ ਕਰਨ ਲਈ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪੰਥਕ ਸਿਆਸਤ ਨੈਤਿਕਤਾ, ਅਸੂਲਾਂ ਅਤੇ ਆਪਸੀ ਸੁਮੇਲ ਦੇ ਆਧਾਰ ‘ਤੇ ਹੋਣੀ ਚਾਹੀਦੀ ਹੈ। ਸਿਆਸਤ ਦਾ ਮਕਸਦ ਲੋਕਾਂ ਅਤੇ ਪੰਥ ਦਾ ਭਲਾ ਕਰਨਾ ਹੋਣਾ ਚਾਹੀਦਾ ਹੈ, ਨਾ ਕਿ ਰੌਲਾ ਪਾਉਣਾ ਜਾਂ ਗੰਧਲੀ ਸਿਆਸਤ ਕਰਨਾ।
ਗਠਜੋੜ ਦੇ ਮੁੱਦੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਗਠਜੋੜ ਸਿਰਫ਼ ਸੱਤਾ ਹਾਸਲ ਕਰਨ ਲਈ ਨਹੀਂ ਹੋਣਾ ਚਾਹੀਦਾ, ਸਗੋਂ ਕੌਮ ਅਤੇ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਹੋਣਾ ਚਾਹੀਦਾ ਹੈ। ਉਨ੍ਹਾਂ ਅਕਾਲੀ ਦਲ ਬਾਦਲ ਅਤੇ ਭਾਜਪਾ ਨਾਲ ਗਠਜੋੜ ਬਾਰੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪੰਥ ਨਾਲ ਪਿੱਠ ਕੀਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬੇਮੁੱਖ ਹੋਏ, ਉਨ੍ਹਾਂ ਨਾਲ ਬੈਠਣਾ ਮੁਨਾਸਿਬ ਨਹੀਂ ਹੈ।
ਇਸ ਦੇ ਨਾਲ ਹੀ ਅਜਨਾਲਾ ਹਲਕੇ ਤੋਂ ਉਮੀਦਵਾਰ ਬਾਰੇ ਪੁੱਛੇ ਜਾਣ ‘ਤੇ ਗਿਆਨੀ ਹਰਪ੍ਰੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਡਾ. ਰਤਨ ਸਿੰਘ ਅਜਨਾਲਾ ਹੀ ਹਲਕੇ ਤੋਂ ਉਮੀਦਵਾਰ ਹਨ ਅਤੇ ਅੱਗੇ ਵੀ ਉਹੀ ਰਹਿਣਗੇ।
ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ, ਕਿਸਾਨਾਂ ਦੀ ਐੱਮ.ਐੱਸ.ਪੀ., ਮਜ਼ਦੂਰਾਂ ਦੇ ਮਸਲੇ, ਕਿਸਾਨਾਂ ਦੇ ਕਰਜ਼ੇ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਕਰਤਾਰਪੁਰ ਲਾਂਘੇ ਵਰਗੇ ਮੁੱਦੇ ਪੰਥਕ ਸਿਆਸਤ ਦੀ ਪਹਿਲ ਹੋਣੇ ਚਾਹੀਦੇ ਹਨ।
ਇਸ ਮੁਲਾਕਾਤ ਦੌਰਾਨ ਪੰਜਾਬ ਦੀ ਭਵਿੱਖੀ ਸਿਆਸਤ ਅਤੇ ਪੰਥਕ ਮੁੱਦਿਆਂ ਨੂੰ ਲੈ ਕੇ ਕਈ ਅਹਿਮ ਵਿਚਾਰ ਸਾਹਮਣੇ ਆਏ।