ਮਾਨਸਾ ‘ਚ ਕੈਫੇ ਦੀ ਆੜ ਹੇਠ ਚੱਲ ਰਹੇ ਹੋਟਲਾਂ ‘ਤੇ ਪੁਲਿਸ ਦਾ ਛਾਪਾ, ਕਈ ਪ੍ਰੇਮੀ ਜੋੜੇ ਹਿਰਾਸਤ ‘ਚ
Mansa Cafe Hotel Police Raid; ਮਾਨਸਾ ਪੁਲਿਸ ਨੇ ਸ਼ਹਿਰ ਵਿੱਚ ਕੈਫੇ ਦੀ ਆੜ ਹੇਠ ਚੱਲ ਰਹੇ ਕਈ ਹੋਟਲਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਾਲਾਂਕਿ, ਪੁਲਿਸ ਵੱਲੋਂ ਅਜੇ ਤੱਕ ਹਿਰਾਸਤ ਵਿੱਚ ਲਏ ਗਏ ਜੋੜਿਆਂ ਦੀ ਗਿਣਤੀ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।
ਪੁਲਿਸ ਦਾ ਦਾਅਵਾ ਹੈ ਕਿ ਕੁਝ ਹੋਟਲ ਸੰਚਾਲਕ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਸਮੇਤ ਪ੍ਰੇਮੀ ਜੋੜਿਆਂ ਨੂੰ ਕਮਰੇ ਮੁਹੱਈਆ ਕਰਵਾ ਰਹੇ ਸਨ। ਇਸ ਸਬੰਧੀ ਪੁਲਿਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਸ਼ਹਿਰ ਵਿੱਚ ਕੈਫੇ ਦੀ ਆੜ ਹੇਠ ਚੱਲ ਰਹੇ ਕੁਝ ਹੋਟਲਾਂ ਵੱਲੋਂ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਅਤੇ ਪ੍ਰੇਮੀ ਜੋੜਿਆਂ ਨੂੰ ਕਮਰੇ ਦੇਣ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਨੇ ਮਾਨਸਾ ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।
ਇਨ੍ਹਾਂ ਸ਼ਿਕਾਇਤਾਂ ਦੇ ਆਧਾਰ ‘ਤੇ ਮਾਨਸਾ ਪੁਲਿਸ ਨੇ ਅੱਜ ਸ਼ਹਿਰ ਦੇ ਕਈ ਕੈਫੇ ਅਤੇ ਹੋਟਲਾਂ ‘ਤੇ ਛਾਪੇਮਾਰੀ ਕੀਤੀ।
ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਸਿਟੀ-2 ਪੁਲਿਸ ਨੂੰ ਕਚਹਿਰੀ ਰੋਡ ਸਥਿਤ ਇੱਕ ਹੋਟਲ ਬਾਰੇ ਸੂਚਨਾ ਮਿਲੀ ਸੀ। ਸੂਚਨਾ ਵਿੱਚ ਦੱਸਿਆ ਗਿਆ ਸੀ ਕਿ ਹੋਟਲ ਸੰਚਾਲਕ ਸਕੂਲ ਅਤੇ ਕਾਲਜ ਦੀਆਂ ਵਿਦਿਆਰਥਣਾਂ ਨੂੰ ਵੀ ਕਮਰੇ ਮੁਹੱਈਆ ਕਰਵਾ ਰਹੇ ਹਨ।
ਹੋਟਲ ਸੰਚਾਲਕਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ
ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਮੌਕੇ ਤੋਂ ਕਈ ਪ੍ਰੇਮੀ ਜੋੜਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਡੀਐਸਪੀ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜੇਕਰ ਜਾਂਚ ਦੌਰਾਨ ਦੋਸ਼ ਸਹੀ ਪਾਏ ਜਾਂਦੇ ਹਨ ਤਾਂ ਸੰਬੰਧਿਤ ਹੋਟਲ ਸੰਚਾਲਕਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
