ਵਿਜੀਲੈਂਸ ਦੇ ਅੜਿੱਕੇ ਚੜਿਆ BPEO ਕਲਰਕ, 5 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Vigilance Bureau Punjab; ਹੁਸ਼ਿਆਰਪੁਰ ਵਿੱਚ ਵਿਜੀਲੈਂਸ ਬਿਊਰੋ ਨੇ ਬਲਾਕ ਪ੍ਰਾਇਮਰੀ ਐਜੂਕੇਸ਼ਨ ਦਫ਼ਤਰ (BPEO) ਹਾਜੀਪੁਰ ਵਿੱਚ ਤਾਇਨਾਤ ਇੱਕ ਕਲਰਕ ਨੂੰ 5,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਕਲਰਕ ਨੇ ਇੱਕ ਅਧਿਆਪਕਾ ਦੀ ਚਾਈਲਡ ਕੇਅਰ ਲੀਵ (CCL) ਮਨਜ਼ੂਰ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕੀਤੀ ਸੀ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਨੂੰ ਦੱਸਿਆ ਕਿ ਉਸ ਦੀ ਪਤਨੀ ਸਰਕਾਰੀ ਐਲੀਮੈਂਟਰੀ ਸਕੂਲ, ਸਹੋਰਾ ਕੰਡੀ (ਬਲਾਕ ਹਾਜੀਪੁਰ) ਵਿੱਚ ETT ਅਧਿਆਪਕਾ ਹੈ। ਉਨ੍ਹਾਂ ਦਾ ਜੱਦੀ ਪਿੰਡ ਸੁਲਤਾਨਪੁਰ (ਜ਼ਿਲ੍ਹਾ ਮਾਲੇਰਕੋਟਲਾ) ਹੈ, ਜੋ ਡਿਊਟੀ ਸਥਾਨ ਤੋਂ ਕਰੀਬ 250 ਕਿਲੋਮੀਟਰ ਦੂਰ ਹੈ। ਉਹ ਆਪਣੀ 9 ਮਹੀਨੇ ਦੀ ਬੱਚੀ ਦੀ ਦੇਖਭਾਲ ਲਈ ਪਿੰਡ ਨੰਗਲ ਬਿਹਾਲਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਹਨ।
10 ਹਜ਼ਾਰ ਦੀ ਮੰਗ, 5 ਹਜ਼ਾਰ ‘ਚ ਹੋਇਆ ਸੌਦਾ
ਸ਼ਿਕਾਇਤਕਰਤਾ ਅਨੁਸਾਰ, ਜਦੋਂ ਉਹ ਆਪਣੀ ਪਤਨੀ ਦੀ ਚਾਈਲਡ ਕੇਅਰ ਲੀਵ ਮਨਜ਼ੂਰ ਕਰਵਾਉਣ ਲਈ BPEO ਦਫ਼ਤਰ ਹਾਜੀਪੁਰ ਪਹੁੰਚੇ ਤਾਂ ਉੱਥੇ ਤਾਇਨਾਤ ਕਲਰਕ ਗਗਨਦੀਪ ਨੇ ਉਨ੍ਹਾਂ ਨਾਲ ਸੰਪਰਕ ਕੀਤਾ। ਦੋਸ਼ ਹੈ ਕਿ ਕਲਰਕ ਨੇ ਵਟਸਐਪ ਕਾਲ ਰਾਹੀਂ ਛੁੱਟੀ ਮਨਜ਼ੂਰ ਕਰਨ ਲਈ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਬਾਅਦ ਵਿੱਚ ਗੱਲਬਾਤ ਦੌਰਾਨ ਰਕਮ 5,000 ਰੁਪਏ ‘ਤੇ ਤੈਅ ਹੋ ਗਈ।
ਸ਼ਿਕਾਇਤਕਰਤਾ ਨੇ ਰਿਸ਼ਵਤ ਦੇਣ ਦੀ ਬਜਾਏ ਦੂਜੇ ਮੋਬਾਈਲ ਨਾਲ ਗੱਲਬਾਤ ਦੀ ਵੀਡੀਓ ਅਤੇ ਆਡੀਓ ਰਿਕਾਰਡਿੰਗ ਕਰ ਲਈ। ਇਸ ਤੋਂ ਬਾਅਦ ਉਨ੍ਹਾਂ ਨੇ ਇਹ ਰਿਕਾਰਡਿੰਗ ਅਤੇ 5,000 ਰੁਪਏ ਦੀ ਰਕਮ ਇੱਕ ਪੈਨ ਡਰਾਈਵ ਸਮੇਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ ਅਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ।
ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ
ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਕਲਰਕ ਨੂੰ 5,000 ਰੁਪਏ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।
ਇਸ ਮੌਕੇ ਡੀਐਸਪੀ ਵਿਜੀਲੈਂਸ ਮਨਦੀਪ ਸਿੰਘ ਸ਼ੇਖ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੋਈ ਕਰਮਚਾਰੀ ਰਿਸ਼ਵਤ ਦੀ ਮੰਗ ਕਰਦਾ ਹੈ ਤਾਂ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਸਿੱਧਾ ਵਿਜੀਲੈਂਸ ਬਿਊਰੋ ਨਾਲ ਸੰਪਰਕ ਕਰਨ, ਤਾਂ ਜੋ ਭ੍ਰਿਸ਼ਟ ਕਰਮਚਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
