ਫਾਜ਼ਿਲਕਾ ‘ਚ ਪਤੀ ਨੇ ਖੇਤਾਂ ‘ਚ ਕੀਤਾ ਕਤਲ, ਲਾਸ਼ ਟੋਏ ‘ਚ ਦੱਬੀ, ਬੱਕਰੀਆਂ ਚਾਰਦੇ ਵਿਅਕਤੀ ਨੇ ਖੋਲੇ ਰਾਜ
Fazilka Wife Murder Case; ਫਾਜ਼ਿਲਕਾ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਅਕਤੀ ਨੇ ਆਪਣੀ ਤਲਾਕਸ਼ੁਦਾ ਪਤਨੀ ਦਾ ਕਤਲ ਕਰ ਦਿੱਤਾ। ਮੁਲਜ਼ਮ ਨੇ ਮੁੜ ਇਕੱਠੇ ਰਹਿਣ ਲਈ ਰਾਜ਼ੀਨਾਮਾ ਕਰਨ ਦਾ ਬਹਾਨਾ ਬਣਾ ਕੇ ਮਹਿਲਾ ਨੂੰ ਬੁਲਾਇਆ। ਜਦੋਂ ਉਹ ਬੱਸ ਸਟੈਂਡ ਪਹੁੰਚੀ ਤਾਂ ਮੁਲਜ਼ਮ ਉਸ ਨੂੰ ਮੋਟਰਸਾਈਕਲ ‘ਤੇ ਆਪਣੇ ਨਾਲ ਲੈ ਗਿਆ।
ਰਸਤੇ ਵਿੱਚ ਉਹ ਇੱਕ ਖੇਤ ਵਿੱਚ ਰੁਕਿਆ, ਜਿੱਥੇ ਉਸ ਨੇ ਕਾਪੇ ਨਾਲ ਹਮਲਾ ਕਰਕੇ ਮਹਿਲਾ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਇੱਕ ਟੋਏ ਵਿੱਚ ਦੱਬ ਦਿੱਤਾ।
ਹਾਲਾਂਕਿ, ਘਟਨਾ ਦੌਰਾਨ ਨੇੜੇ ਬੱਕਰੀਆਂ ਚਾਰ ਰਹੇ ਇੱਕ ਵਿਅਕਤੀ ਨੇ ਮਹਿਲਾ ਦੀਆਂ ਚੀਕਾਂ ਸੁਣ ਲਈਆਂ। ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਇਸ ਵਿਅਕਤੀ ਨੇ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ। ਪੁਲਿਸ ਨੇ ਮੁਲਜ਼ਮ ਨੂੰ ਪਿੰਡ ਵਿੱਚੋਂ ਹੀ ਗ੍ਰਿਫ਼ਤਾਰ ਕਰ ਲਿਆ ਅਤੇ ਟੋਏ ਵਿੱਚੋਂ ਲਾਸ਼ ਬਾਹਰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤੀ।
ਬੱਚਿਆਂ ਨੇ ਮੰਗਿਆ ਇਨਸਾਫ਼
ਮ੍ਰਿਤਕਾ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਦੋਵੇਂ ਧੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਨੇ ਮਾਂ ਦੀ ਹੱਤਿਆ ਕੀਤੀ ਹੈ, ਉਸ ਨੂੰ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜਾਂ ਤਾਂ ਉਸ ਨੂੰ ਫਾਂਸੀ ਦਿੱਤੀ ਜਾਵੇ ਜਾਂ ਉਮਰ ਕੈਦ ਦੀ ਸਜ਼ਾ, ਤਾਂ ਜੋ ਉਨ੍ਹਾਂ ਦੀ ਮਾਂ ਨੂੰ ਇਨਸਾਫ਼ ਮਿਲ ਸਕੇ।
ਕਤਲ ਤੋਂ ਪਹਿਲਾਂ ਬਣਾਈ ਵੀਡੀਓ
ਇਸ ਮਾਮਲੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਕਤਲ ਤੋਂ ਪਹਿਲਾਂ ਬਣਾਈ ਗਈ ਸੀ। ਇਹ ਵੀਡੀਓ ਮਹਿਲਾ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਪੋਸਟ ਕੀਤੀ ਗਈ ਸੀ। ਵੀਡੀਓ ਵਿੱਚ ਗਾਣਾ ਚੱਲ ਰਿਹਾ ਸੀ – “ਯਾਦ ਤੇਰੀ ਬਣ ਗਈ ਸੱਜਣਾ ਵੇ, ਸਾਡੇ ਸੀਨੇ ‘ਚ ਨਾਸੂਰ…”। ਇਸ ਦੌਰਾਨ ਮੁਲਜ਼ਮ ਪਤੀ ਵੀਡੀਓ ਵਿੱਚ ਵਿਕਟਰੀ ਦਾ ਨਿਸ਼ਾਨ ਬਣਾਉਂਦਾ ਵੀ ਨਜ਼ਰ ਆ ਰਿਹਾ ਹੈ।
ਦੋ ਸਾਲ ਪਹਿਲਾਂ ਹੋਇਆ ਸੀ ਤਲਾਕ
ਪਰਿਵਾਰਕ ਮੈਂਬਰਾਂ ਮੁਤਾਬਕ ਮ੍ਰਿਤਕਾ ਸਰੋਜ (42) ਦਾ ਵਿਆਹ ਕਰੀਬ 22 ਸਾਲ ਪਹਿਲਾਂ ਪਿੰਡ ਜੰਡਵਾਲਾ ਮੀਰਾ ਸਾਂਗਲਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਨਾਲ ਹੋਇਆ ਸੀ। ਦੋਵਾਂ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਧੀਆਂ ਅਤੇ ਇੱਕ ਪੁੱਤਰ ਸ਼ਾਮਲ ਹਨ। ਦੋਵੇਂ ਧੀਆਂ ਦਾ ਵਿਆਹ ਹੋ ਚੁੱਕਾ ਹੈ।
ਲਗਾਤਾਰ ਘਰੇਲੂ ਝਗੜਿਆਂ ਕਾਰਨ ਕਰੀਬ ਦੋ ਸਾਲ ਪਹਿਲਾਂ ਦੋਵਾਂ ਦਾ ਤਲਾਕ ਹੋ ਗਿਆ ਸੀ। ਤਲਾਕ ਤੋਂ ਬਾਅਦ ਸਰੋਜ ਆਪਣੇ ਪੇਕੇ ਘਰ ਰਹਿਣ ਲੱਗ ਪਈ ਸੀ, ਪਰ ਦੋਵਾਂ ਵਿਚਾਲੇ ਮਿਲਣਾ-ਜੁਲਣਾ ਜਾਰੀ ਸੀ।
ਮ੍ਰਿਤਕਾ ਦੇ ਪਿਤਾ ਭਲਵਾਨ ਸਿੰਘ ਨੇ ਦੋਸ਼ ਲਗਾਇਆ ਕਿ ਗੁਰਮੀਤ ਸਿੰਘ ਨੇ ਮੁੜ ਇਕੱਠੇ ਰਹਿਣ ਦਾ ਭਰੋਸਾ ਦੇ ਕੇ ਉਨ੍ਹਾਂ ਦੀ ਧੀ ਨੂੰ ਬੁਲਾਇਆ ਅਤੇ ਖੇਤ ਵਿੱਚ ਲੈ ਜਾ ਕੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਪਤਨੀ ‘ਤੇ ਨਾਜਾਇਜ਼ ਸਬੰਧਾਂ ਦਾ ਕਰਦਾ ਸੀ ਸ਼ੱਕ
ਡੀਐਸਪੀ ਬੀ.ਐਸ. ਰੰਧਾਵਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਆਪਣੀ ਪਤਨੀ ‘ਤੇ ਨਾਜਾਇਜ਼ ਸਬੰਧਾਂ ਦਾ ਸ਼ੱਕ ਕਰਦਾ ਸੀ। ਇਸੇ ਕਾਰਨ ਦੋਵਾਂ ਵਿਚਾਲੇ ਤਲਾਕ ਹੋਇਆ ਸੀ।
ਪੁਲਿਸ ਮੁਤਾਬਕ ਘਟਨਾ ਵਾਲੇ ਦਿਨ ਮੁਲਜ਼ਮ ਮਹਿਲਾ ਨੂੰ ਬੱਸ ਸਟੈਂਡ ਤੋਂ ਮੋਟਰਸਾਈਕਲ ‘ਤੇ ਆਪਣੇ ਨਾਲ ਲੈ ਗਿਆ ਅਤੇ ਇਸ ਦੀ ਵੀਡੀਓ ਵੀ ਬਣਾਈ। ਬਾਅਦ ਵਿੱਚ ਝਾੜੀਆਂ ਕੋਲ ਲੈ ਜਾ ਕੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ।