ਵੱਡੀ ਖ਼ਬਰ: ਕੈਨੇਡਾ ‘ਚ 333 ਕਿਲੋ ਕੋਕੀਨ ਮਾਮਲੇ ਵਿੱਚ ਪੰਜਾਬੀ ਟਰੱਕ ਡਰਾਈਵਰ ਬਰੀ
Canada Punjabi truck driver acquitted: ਚੰਡੀਗੜ੍ਹ: ਕੈਨੇਡਾ ਦੇ ਬਲਿਊ ਵਾਟਰ ਬ੍ਰਿਜ ਰਾਹੀਂ 333 ਕਿਲੋਗ੍ਰਾਮ ਕੋਕੀਨ ਦੀ ਤਸਕਰੀ ਦੇ ਮਾਮਲੇ ਵਿੱਚ ਬਰੈਂਪਟਨ ਦੇ ਪੰਜਾਬੀ ਟਰੱਕ ਡਰਾਈਵਰ ਰਾਵਿੰਦਰ ਬੀਰ ਸਿੰਘ ਨੂੰ ਓਂਟਾਰੀਓ ਸੁਪੀਰੀਅਰ ਕੋਰਟ ਨੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਸਰਕਾਰੀ ਪੱਖ ਇਹ ਸਾਬਤ ਕਰਨ ਵਿੱਚ ਨਾਕਾਮ ਰਿਹਾ ਕਿ ਸਿੰਘ ਨੂੰ ਟਰੱਕ ਵਿੱਚ ਲੁਕਾਈ ਗਈ ਕੋਕੀਨ ਬਾਰੇ ਜਾਣਕਾਰੀ ਸੀ। ਜਸਟਿਸ ਮਾਰਕ ਪੋਲੈਂਡ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਸਿਰਫ਼ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਜਾਂ ਕੀਮਤ ਦੇ ਆਧਾਰ ‘ਤੇ ਇਹ ਨਹੀਂ ਮੰਨਿਆ ਜਾ ਸਕਦਾ ਕਿ ਡਰਾਈਵਰ ਨੂੰ ਇਸ ਬਾਰੇ ਪਤਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਤਸਕਰੀ ਦੇ ਮਾਮਲਿਆਂ ਵਿੱਚ ਕਈ ਵਾਰ “ਬਲਾਇੰਡ ਕੋਰੀਅਰ” ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨੂੰ ਮਾਲ ਦੀ ਅਸਲ ਜਾਣਕਾਰੀ ਨਹੀਂ ਹੁੰਦੀ।
ਫ਼ੈਸਲਾ ਸੁਣਾਏ ਜਾਣ ਤੋਂ ਬਾਅਦ ਰਾਵਿੰਦਰ ਬੀਰ ਸਿੰਘ ਨੇ ਕਿਹਾ ਕਿ ਉਹ ਖੁਸ਼ ਹਨ ਕਿ ਆਖ਼ਿਰਕਾਰ ਸੱਚ ਸਾਹਮਣੇ ਆ ਗਿਆ। ਬਚਾਅ ਪੱਖ ਦੇ ਵਕੀਲ ਗੁਰੂਵੀਰ ਸੰਘਾ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਆਪਣੇ ਮੁਵੱਕਿਲ ਦੀ ਬੇਗੁਨਾਹੀ ‘ਤੇ ਭਰੋਸਾ ਸੀ। ਉੱਧਰ ਸਰਕਾਰੀ ਵਕੀਲ ਨੇ ਕਿਹਾ ਕਿ ਫ਼ੈਸਲੇ ਦਾ ਅਧਿਐਨ ਕਰਨ ਤੋਂ ਬਾਅਦ ਅਪੀਲ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ।
ਮਾਮਲੇ ਅਨੁਸਾਰ, ਰਾਵਿੰਦਰ ਬੀਰ ਸਿੰਘ 2022 ਵਿੱਚ ਵਿਦਿਆਰਥੀ ਵੀਜ਼ੇ ‘ਤੇ ਕੈਨੇਡਾ ਗਿਆ ਸੀ ਅਤੇ ਇੱਕ ਟਰੱਕਿੰਗ ਕੰਪਨੀ ਲਈ ਕੰਮ ਕਰ ਰਿਹਾ ਸੀ। 5 ਮਾਰਚ 2025 ਨੂੰ ਉਸ ਨੇ ਓਹਾਇਓ ਤੋਂ ਪਲਾਸਟਿਕ ਰੇਜ਼ਿਨ ਨਾਲ ਲੱਦਿਆ ਟਰਾਲਾ ਚੁੱਕਿਆ। ਬਲਿਊ ਵਾਟਰ ਬ੍ਰਿਜ ‘ਤੇ ਜਾਂਚ ਦੌਰਾਨ ਅਧਿਕਾਰੀਆਂ ਨੇ ਟਰਾਲੇ ਵਿੱਚੋਂ 281 ਪੈਕੇਟ ਕੋਕੀਨ ਬਰਾਮਦ ਕੀਤੇ, ਜਿਨ੍ਹਾਂ ਦਾ ਕੁੱਲ ਵਜ਼ਨ ਪੈਕਿੰਗ ਸਮੇਤ 333 ਕਿਲੋਗ੍ਰਾਮ ਸੀ। ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਬਚਾਅ ਪੱਖ ਨੇ ਦਲੀਲ ਦਿੱਤੀ ਕਿ ਟਰਾਲਾ ਲੋਡ ਹੋਣ ਤੋਂ ਬਾਅਦ ਕਈ ਘੰਟਿਆਂ ਤੱਕ ਡਰਾਈਵਰ ਦੀ ਪਹੁੰਚ ਤੋਂ ਬਾਹਰ ਰਿਹਾ ਸੀ। ਇਸ ਤੋਂ ਇਲਾਵਾ ਨਾ ਤਾਂ ਕੋਕੀਨ ਦੇ ਪੈਕੇਟਾਂ ‘ਤੇ ਰਾਵਿੰਦਰ ਬੀਰ ਸਿੰਘ ਦੇ ਫਿੰਗਰ ਪ੍ਰਿੰਟ ਮਿਲੇ ਅਤੇ ਨਾ ਹੀ ਉਸ ਦੇ ਮੋਬਾਈਲ ਫ਼ੋਨ ਵਿੱਚ ਕੋਈ ਅਜਿਹਾ ਸਬੂਤ ਮਿਲਿਆ ਜੋ ਤਸਕਰੀ ਨਾਲ ਉਸ ਦੀ ਜਾਣਕਾਰੀ ਜਾਂ ਸ਼ਮੂਲੀਅਤ ਸਾਬਤ ਕਰ ਸਕੇ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਉਪਲਬਧ ਸਬੂਤਾਂ ਦੇ ਆਧਾਰ ‘ਤੇ ਦੋਸ਼ ਸ਼ੱਕ ਤੋਂ ਪਰੇ ਸਾਬਤ ਨਹੀਂ ਹੁੰਦੇ। ਇਸ ਲਈ ਰਾਵਿੰਦਰ ਬੀਰ ਸਿੰਘ ਨੂੰ ਸਾਰੇ ਦੋਸ਼ਾਂ ਤੋਂ ਬਰੀ ਕੀਤਾ ਜਾਂਦਾ ਹੈ।