16 ਸਾਲਾ ਵਿਦਿਆਰਥਣ ਨੂੰ ਅਗਵਾ ਕਰਕੇ ਦੋ ਵਾਰ ਗੈਂਗਰੇਪ ਦੇ ਦੋਸ਼, ਪੁਲਿਸ ਵੱਲੋਂ ਜਾਂਚ ਜਾਰੀ
Girl kidnapped and gang-raped twice: ਮੋਹਾਲੀ: ਮੋਹਾਲੀ ਵਿੱਚ ਇੱਕ 16 ਸਾਲਾ ਵਿਦਿਆਰਥਣ ਨੂੰ ਅਗਵਾ ਕਰਕੇ 48 ਘੰਟਿਆਂ ਦੇ ਅੰਦਰ ਦੋ ਵਾਰ ਸਮੂਹਿਕ ਬਲਾਤਕਾਰ ਕਰਨ ਦੇ ਕਥਿਤ ਦੋਸ਼ਾਂ ਨੇ ਸਨਸਨੀ ਫੈਲਾ ਦਿੱਤੀ ਹੈ। ਦੋਸ਼ ਹੈ ਕਿ ਇੱਕ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਵਿਦਿਆਰਥਣ ’ਤੇ ਦੋਸਤੀ ਕਰਨ ਲਈ ਦਬਾਅ ਬਣਾ ਰਿਹਾ ਸੀ। ਪੁਲਿਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ 6 ਅਗਸਤ ਨੂੰ ਸਕੂਲ ਜਾਂਦੇ ਸਮੇਂ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਕਾਰ ਵਿੱਚ ਬਿਠਾ ਕੇ ਕਿਸੇ ਅਣਜਾਣ ਥਾਂ ’ਤੇ ਲਿਜਾਇਆ ਗਿਆ। ਦੋਸ਼ ਹੈ ਕਿ ਉਸ ਨੂੰ ਨਸ਼ੀਲਾ ਪਦਾਰਥ ਦੇ ਕੇ ਬੇਹੋਸ਼ ਕੀਤਾ ਗਿਆ ਅਤੇ ਤਿੰਨ ਨੌਜਵਾਨਾਂ ਵੱਲੋਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਸ਼ਿਕਾਇਤ ਮੁਤਾਬਕ ਅਗਲੇ ਦਿਨ ਵੀ ਸਕੂਲ ਦੇ ਸਮੇਂ ਵਿਦਿਆਰਥਣ ਨੂੰ ਮੁੜ ਲਿਜਾਇਆ ਗਿਆ ਅਤੇ ਉਸ ਨਾਲ ਦੁਬਾਰਾ ਵਾਰਦਾਤ ਕਰਨ ਦਾ ਦੋਸ਼ ਹੈ। ਇਸ ਤੋਂ ਬਾਅਦ ਵਿਦਿਆਰਥਣ ਨੂੰ ਬੇਹੋਸ਼ ਹਾਲਤ ਵਿੱਚ ਗਿਫਟ ਸ਼ਾਪ ਨੇੜੇ ਛੱਡ ਦਿੱਤਾ ਗਿਆ।
ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੂੰ ਕਥਿਤ ਮੁਲਜ਼ਮ ਵੱਲੋਂ ਵਿਦਿਆਰਥਣ ਨੂੰ ਦੋਸਤੀ ਲਈ ਦਿੱਤੀ ਗਈ ਪਰਚੀ ਅਤੇ ਮੋਬਾਈਲ ਨੰਬਰ ਵੀ ਮਿਲਿਆ ਹੈ। ਪੁਲਿਸ ਵੱਲੋਂ ਇਲਾਕੇ ਦੀ CCTV ਫੁਟੇਜ ਖੰਗਾਲ ਕੇ ਸ਼ੱਕੀ ਨੌਜਵਾਨਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਹੈ ਅਤੇ ਪੀੜਤ ਵਿਦਿਆਰਥਣ ਦੇ ਬਿਆਨ ਅਤੇ ਉਪਲਬਧ ਸਬੂਤਾਂ ਦੇ ਆਧਾਰ ’ਤੇ ਅਗਲੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।