ਨਾਜਾਇਜ਼ ਸਬੰਧਾਂ ਦੇ ਸ਼ੱਕ ‘ਚ ਪਤੀ ਨੇ ਭਰਾ ਨਾਲ ਮਿਲ ਕੇ ਕੀਤਾ ਨੌਜਵਾਨ ਦਾ ਕਤਲ
ਅਬੋਹਰ, 20 ਨਵੰਬਰ। ਅਬੋਹਰ ‘ਚ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ 28 ਸਾਲਾ ਨੌਜਵਾਨ ਸੁਖਵੰਤ ਸਿੰਘ ਦੇ ਕਤਲ ਮਾਮਲੇ ‘ਚ ਪੁਲਿਸ ਨੇ 24 ਘੰਟਿਆਂ ਅੰਦਰ ਵੱਡਾ ਖੁਲਾਸਾ ਕੀਤਾ ਹੈ। ਮੁੱਢਲੀ ਜਾਂਚ ਮੁਤਾਬਕ, ਇੱਕ ਵਿਅਕਤੀ ਨੇ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਭਰਾ ਨਾਲ ਮਿਲ ਕੇ ਨੌਜਵਾਨ ਦਾ ਕਤਲ ਕਰ ਦਿੱਤਾ।
ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸਦਾ ਭਰਾ ਸੁਖਵੰਤ ਸਿੰਘ ਕਰੀਬ 10 ਸਾਲ ਪਹਿਲਾਂ ਪਿੰਡ ਦੀ ਹੀ ਇੱਕ ਲੜਕੀ ਨਾਲ ਪ੍ਰੇਮ ਸਬੰਧਾਂ ‘ਚ ਸੀ। ਬਾਅਦ ‘ਚ ਲੜਕੀ ਦਾ ਵਿਆਹ ਅਬੋਹਰ ਦੇ ਦਯਾਲ ਨਗਰੀ ਵਾਸੀ ਹੇਤਰਾਮ ਨਾਲ ਹੋ ਗਿਆ ਸੀ। ਪਰ ਵਿਆਹ ਤੋਂ ਬਾਅਦ ਵੀ ਹੇਤਰਾਮ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਦੇ ਸੁਖਵੰਤ ਨਾਲ ਸਬੰਧ ਹਨ।
ਸ਼ਿਕਾਇਤ ਮੁਤਾਬਕ, ਸੁਖਵੰਤ ਦੋ ਦਿਨ ਪਹਿਲਾਂ ਤਰਨਤਾਰਨ ਤੋਂ ਅਬੋਹਰ ਆਇਆ ਸੀ ਅਤੇ ਅਗਲੀ ਸਵੇਰ ਸਿੱਧਾ ਹੇਤਰਾਮ ਦੇ ਘਰ ਪਹੁੰਚ ਗਿਆ। ਉੱਥੇ ਮਹਿਲਾ ਨੂੰ ਲੈ ਕੇ ਉਸਦੀ ਹੇਤਰਾਮ ਨਾਲ ਹੱਥੋਪਾਈ ਹੋ ਗਈ। ਦੋਸ਼ ਹੈ ਕਿ ਇਸ ਦੌਰਾਨ ਹੇਤਰਾਮ ਅਤੇ ਉਸਦੇ ਭਰਾ ਰਾਮ ਕੁਮਾਰ ਨੇ ਲੋਹੇ ਦੀਆਂ ਪਾਈਪਾਂ ਨਾਲ ਸੁਖਵੰਤ ‘ਤੇ ਕਈ ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਦੋਸ਼ ਹੈ ਕਿ ਦੋਵਾਂ ਨੇ ਸੁਖਵੰਤ ਨੂੰ ਘਰ ਤੋਂ ਕੁਝ ਦੂਰੀ ‘ਤੇ ਪੁਰਾਣੀ ਫਾਜ਼ਿਲਕਾ ਰੋਡ ‘ਤੇ ਸ਼ਾਰਦਾ ਆਈ ਹਸਪਤਾਲ ਨੇੜੇ ਸੜਕ ‘ਤੇ ਸੁੱਟ ਦਿੱਤਾ। ਸਥਾਨਕ ਲੋਕਾਂ ਦੀ ਸੂਚਨਾ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਅਤੇ ਹੋਰ ਤਕਨੀਕੀ ਸਬੂਤਾਂ ਦੀ ਮਦਦ ਨਾਲ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।
ਥਾਣਾ ਸਿਟੀ-1 ਪੁਲਿਸ ਨੇ ਹੇਤਰਾਮ ਅਤੇ ਰਾਮ ਕੁਮਾਰ ਖ਼ਿਲਾਫ਼ ਬੀਐੱਨਐੱਸ ਦੀ ਧਾਰਾ 103(1) ਅਤੇ 3(5) ਤਹਿਤ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦਾ ਪੋਸਟਮਾਰਟਮ ਵੀ ਕਰਵਾਇਆ ਗਿਆ ਹੈ।