Breaking News; ਤਰਨਤਾਰਨ ASI ਕਤਲ ਮਾਮਲੇ ਦਾ ਮੁਲਜ਼ਮ ਦਾ ਐਨਕਾਊਂਟਰ
ASI Iqbal Singh Tarn Taran Murder Case; ਤਰਨਤਾਰਨ ਵਿੱਚ ASI ਇਕਬਾਲ ਸਿੰਘ ਦੇ ਕਤਲ ਮਾਮਲੇ ਵਿੱਚ ਇੱਕ ਮੁਲਜ਼ਮ ਦਾ ਐਨਕਾਊਂਟਰ ਕੀਤਾ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਮੋਹਾਲੀ ਦੇ ਜ਼ੀਰਕਪੁਰ ਸਥਿਤ KMG ਹੋਟਲ ਦੀ ਪਹਿਲੀ ਮੰਜ਼ਿਲ ‘ਤੇ ਮੁਲਜ਼ਮ ਦਾ ਐਨਕਾਊਂਟਰ ਕੀਤਾ। ਮੌਕੇ ‘ਤੇ ਐਂਬੂਲੈਂਸ ਵੀ ਪਹੁੰਚ ਗਈ ਹੈ।
ਮੁਲਜ਼ਮ ਦੀ ਪਛਾਣ ਅਮਨਦੀਪ ਉਰਫ਼ ਹੈਪੀ ਬਾਹਮਣ ਵਜੋਂ ਦੱਸੀ ਜਾ ਰਹੀ ਹੈ। ਦੱਸ ਦੇਈਏ ਕਿ 11 ਅਕਤੂਬਰ ਨੂੰ ਤਰਨਤਾਰਨ ਦੇ ਨੌਸ਼ਹਿਰਾ ਪੰਨੂਆਂ ਵਿੱਚ ASI ਇਕਬਾਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
ਡਿਊਟੀ ਤੋਂ ਘਰ ਪਰਤਦੇ ਸਮੇਂ ਮਾਰੀ ਸੀ ਗੋਲੀ
ASI ਇਕਬਾਲ ਸਿੰਘ ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੰਗ ਵਿੱਚ ਤਾਇਨਾਤ ਸਨ। 11 ਅਕਤੂਬਰ ਨੂੰ ਡਿਊਟੀ ਖ਼ਤਮ ਕਰਨ ਤੋਂ ਬਾਅਦ ਉਹ ਸ਼ਾਮ ਕਰੀਬ 7:30 ਵਜੇ ਮੋਟਰਸਾਈਕਲ ‘ਤੇ ਘਰ ਪਰਤ ਰਹੇ ਸਨ। ਜਦੋਂ ਉਹ ਨੌਸ਼ਹਿਰਾ ਤੋਂ ਲੋਹਕਾ ਰੋਡ ਸਥਿਤ ਪਟਵਾਰਖਾਨੇ ਨੇੜੇ ਪਹੁੰਚੇ ਤਾਂ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।
ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋਏ ਸਨ ਹਮਲਾਵਰ
ਗੋਲੀਆਂ ਲੱਗਣ ਕਾਰਨ ASI ਇਕਬਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਏ ਸਨ। ਮੌਕੇ ‘ਤੇ ਪਹੁੰਚੇ DIG ਸੰਦੀਪ ਸ਼ਰਮਾ ਨੇ ਦੱਸਿਆ ਸੀ ਕਿ ASI ਨੂੰ ਦੋ ਗੋਲੀਆਂ ਲੱਗੀਆਂ ਸਨ।
ਭਤੀਜੇ ਦੇ ਕਤਲ ਮਾਮਲੇ ਨਾਲ ਵੀ ਜੁੜੀਆਂ ਤਾਰਾਂ
ਇਸ ਮਾਮਲੇ ਨੂੰ 11 ਸਤੰਬਰ ਨੂੰ ਹੋਏ ਇੱਕ ਹੋਰ ਕਤਲ ਨਾਲ ਵੀ ਜੋੜਿਆ ਗਿਆ ਸੀ। ਉਸ ਦਿਨ ASI ਇਕਬਾਲ ਸਿੰਘ ਦੇ ਭਤੀਜੇ ਅਜਮੀਤ ਸਿੰਘ ਦੀ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਵਿੱਚ ਇੱਕ ਮੁਲਜ਼ਮ ਪੁਲਿਸ ਮੁਕਾਬਲੇ ਦੌਰਾਨ ਜ਼ਖ਼ਮੀ ਹੋਇਆ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਗੈਂਗਸਟਰ ਡੋਨੀ ਬੱਲ ਨੇ ਲਈ ਸੀ ਕਤਲ ਦੀ ਜ਼ਿੰਮੇਵਾਰੀ
ਗੈਂਗਸਟਰ ਡੋਨੀ ਬੱਲ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸੋਸ਼ਲ ਮੀਡੀਆ ‘ਤੇ ਗੋਪੀ ਘਨਸ਼ਿਆਮ ਦੇ ਨਾਂ ਦੀ ਆਈਡੀ ਤੋਂ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੀ ਪੋਸਟ ਵੀ ਪਾਈ ਗਈ ਸੀ।