‘ਵਾਰਿਸ ਪੰਜਾਬ ਦੇ’ ਦਾ ਚੰਡੀਗੜ੍ਹ ਪ੍ਰਦਰਸ਼ਨ: FIR ’ਚ ਮ੍ਰਿਤਕ ਸਾਬਕਾ ਵਿਧਾਇਕ ਦਾ ਨਾਮ, ਪੁਲਿਸ ਨੇ ਮੰਨੀ ਆਪਣੀ ਗਲਤੀ
Name of deceased former MLA in FIR: ਚੰਡੀਗੜ੍ਹ ਵਿੱਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਪ੍ਰਦਰਸ਼ਨ ਦੌਰਾਨ ਦਰਜ ਕੀਤੀ ਗਈ FIR ਵਿੱਚ ਮ੍ਰਿਤਕ ਸਾਬਕਾ ਵਿਧਾਇਕ ਅਜੈਬ ਸਿੰਘ ਮੁਖਮੈਲਪੁਰ ਦਾ ਨਾਮ ਸ਼ਾਮਲ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਆਪਣੀ ਗਲਤੀ ਮੰਨ ਲਈ ਹੈ। ਰਿਕਾਰਡ ਦੀ ਮੁੜ ਜਾਂਚ ਤੋਂ ਬਾਅਦ ਪੁਲਿਸ ਨੇ ਦਸਤਾਵੇਜ਼ਾਂ ਵਿੱਚ ਸੁਧਾਰ ਕਰਦਿਆਂ ਸਾਬਕਾ ਵਿਧਾਇਕ ਦਾ ਨਾਮ FIR ਵਿੱਚੋਂ ਹਟਾ ਦਿੱਤਾ ਹੈ।
ਜਾਂਚ ਦੌਰਾਨ ਗਲਤੀ ਨਾਲ ਦਰਜ ਹੋਇਆ ਨਾਮ
ਪੁਲਿਸ ਮੁਤਾਬਕ ਜਾਂਚ ਦੌਰਾਨ ਹੋਈ ਗਲਤੀ ਕਾਰਨ ਅਜੈਬ ਸਿੰਘ ਮੁਖਮੈਲਪੁਰ ਦਾ ਨਾਮ ਰਿਕਾਰਡ ਵਿੱਚ ਸ਼ਾਮਲ ਹੋ ਗਿਆ ਸੀ। ਬਾਅਦ ਵਿੱਚ ਜਦੋਂ ਰਿਕਾਰਡ ਦੀ ਦੁਬਾਰਾ ਜਾਂਚ ਕੀਤੀ ਗਈ ਤਾਂ ਗਲਤੀ ਸਾਹਮਣੇ ਆਈ ਅਤੇ ਉਨ੍ਹਾਂ ਦਾ ਨਾਮ ਹਟਾ ਦਿੱਤਾ ਗਿਆ। ਅਜੈਬ ਸਿੰਘ ਮੁਖਮੈਲਪੁਰ ਦਾ ਕਰੀਬ ਦੋ ਸਾਲ ਪਹਿਲਾਂ 75 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਚੁੱਕਾ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਹੇ ਸਨ। ਸਾਲ 1997 ਵਿੱਚ ਉਹ ਘਨੌਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਬਾਅਦ ਵਿੱਚ ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਕੈਬਨਿਟ ਮੰਤਰੀ ਵਜੋਂ ਵੀ ਸੇਵਾਵਾਂ ਨਿਭਾਈਆਂ।
ਤਰਸੇਮ ਸਿੰਘ ਦਾ ਨਾਮ FIR ਵਿੱਚ ਨਾ ਹੋਣ ’ਤੇ ਸਵਾਲ
ਇਸ ਮਾਮਲੇ ਵਿੱਚ ਹੁਣ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਇੱਕ ਹੋਰ ਸਵਾਲ ਵੀ ਉੱਠ ਰਿਹਾ ਹੈ। ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਨਾਮ FIR ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਉਨ੍ਹਾਂ ਦੀ ਮੌਜੂਦਗੀ ਨੂੰ ਲੈ ਕੇ ਸਵਾਲ ਉੱਠ ਰਹੇ ਹਨ, ਪਰ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਮੁਲਜ਼ਮ ਨਹੀਂ ਬਣਾਇਆ।
ਕਈ ਆਗੂਆਂ ਖ਼ਿਲਾਫ਼ FIR ਦਰਜ
ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਅਯਾਲੀ, ਸਤਿੰਦਰਜੀਤ ਸਿੰਘ ਗਿੱਲ, ਕਾਬਲ ਸਿੰਘ ਭੁੱਲਰ, ਜਗਦੀਪ ਸਿੰਘ, ਇਕਬਾਲ ਸਿੰਘ ਸੰਧੂ, ਪਰਮਜੀਤ ਸਿੰਘ ਜੌਹਲ, ਚਮਕੌਰ ਸਿੰਘ ਧੁੰਨ, ਐਡਵੋਕੇਟ ਇਮਾਨ ਸਿੰਘ ਖਾਰਾ, ਜਸਵਿੰਦਰ ਸਿੰਘ ਡਰੋਲੀ, ਇਕਬਾਲ ਸਿੰਘ, ਲੱਖਾ ਸਿਧਾਣਾ, ਭਾਨਾ ਸਿੱਧੂ ਅਤੇ ਲਖਬੀਰ ਸਿੰਘ ਲੱਖਾ ਸਮੇਤ ਕਈ ਵਿਅਕਤੀਆਂ ਖ਼ਿਲਾਫ਼ FIR ਦਰਜ ਕੀਤੀ ਹੈ।
ਮ੍ਰਿਤਕ ਸਾਬਕਾ ਵਿਧਾਇਕ ਦਾ ਨਾਮ FIR ਵਿੱਚ ਸ਼ਾਮਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਰਿਕਾਰਡ ਠੀਕ ਕਰਨ ਦੀ ਕਾਰਵਾਈ ਨੇ ਮਾਮਲੇ ਨੂੰ ਹੋਰ ਚਰਚਾ ਵਿੱਚ ਲਿਆ ਦਿੱਤਾ ਹੈ।
