ਆਜ਼ਾਦੀ ਦਿਹਾੜੇ ‘ਤੇ ਪੰਜਾਬ ਪੁਲਿਸ ਦੇ 12 ਅਧਿਕਾਰੀਆਂ ਦਾ ਹੋਵੇਗਾ ਸਨਮਾਨ, ਇੰਸਪੈਕਟਰ ਬਲਜੀਤ ਸਿੰਘ ਨੂੰ ਮਿਲੇਗਾ President’s Medal
Punjab Police medals; ਆਜ਼ਾਦੀ ਦਿਹਾੜੇ ਦੇ ਪਵਿੱਤਰ ਮੌਕੇ ‘ਤੇ ਪੰਜਾਬ ਪੁਲਿਸ ਦੇ ਉਨ੍ਹਾਂ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਜਿਨ੍ਹਾਂ ਨੇ ਆਪਣੀ ਡਿਊਟੀ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਈਆਂ ਹਨ। ਪੁਲਿਸ ਸੇਵਾ ਵਿੱਚ ਉੱਤਮ ਯੋਗਦਾਨ ਲਈ ਪੰਜਾਬ ਦੇ ਇੱਕ ਪੁਲਿਸ ਅਧਿਕਾਰੀ ਨੂੰ ਵੱਕਾਰੀ ਰਾਸ਼ਟਰਪਤੀ ਪੁਲਿਸ ਮੈਡਲ (President’s Medal) ਨਾਲ ਸਨਮਾਨਿਤ ਕੀਤਾ ਜਾਵੇਗਾ, ਜਦਕਿ 11 ਅਧਿਕਾਰੀਆਂ ਨੂੰ ਸ਼ਲਾਘਾਯੋਗ ਸੇਵਾ ਮੈਡਲ ਦਿੱਤੇ ਜਾਣਗੇ।
ਕੇਂਦਰ ਸਰਕਾਰ ਵੱਲੋਂ ਹਰ ਸਾਲ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਹਾੜੇ ਮੌਕੇ ਪੁਲਿਸ, ਫਾਇਰ ਸਰਵਿਸ ਅਤੇ ਹੋਰ ਸੁਰੱਖਿਆ ਸੇਵਾਵਾਂ ਵਿੱਚ ਬਿਹਤਰੀਨ ਅਤੇ ਸ਼ਲਾਘਾਯੋਗ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ ਨੂੰ ਇਹ ਕੌਮੀ ਸਨਮਾਨ ਦਿੱਤੇ ਜਾਂਦੇ ਹਨ।
ਇੰਸਪੈਕਟਰ ਬਲਜੀਤ ਸਿੰਘ ਨੂੰ ਮਿਲੇਗਾ ਰਾਸ਼ਟਰਪਤੀ ਮੈਡਲ
ਪੰਜਾਬ ਪੁਲਿਸ ਦੇ ਇੰਸਪੈਕਟਰ ਬਲਜੀਤ ਸਿੰਘ ਨੂੰ ਉਨ੍ਹਾਂ ਦੀਆਂ ਉੱਤਮ ਅਤੇ ਸਮਰਪਿਤ ਸੇਵਾਵਾਂ ਲਈ ਵੱਕਾਰੀ ਰਾਸ਼ਟਰਪਤੀ ਮੈਡਲ ਲਈ ਚੁਣਿਆ ਗਿਆ ਹੈ।
ਇਸ ਤੋਂ ਇਲਾਵਾ ਸ਼ਲਾਘਾਯੋਗ ਸੇਵਾ ਮੈਡਲ ਹਾਸਲ ਕਰਨ ਵਾਲੇ ਅਧਿਕਾਰੀਆਂ ਵਿੱਚ ਇੰਸਪੈਕਟਰ ਜਨਰਲ ਬਾਬੂ ਲਾਲ ਮੀਣਾ, ਇੰਸਪੈਕਟਰ ਜਨਰਲ ਐੱਸ. ਭੂਪਤੀ, ਐੱਸ.ਪੀ. ਨਵਰੀਤ ਸਿੰਘ ਵਿਰਕ, ਡੀ.ਐੱਸ.ਪੀ. ਸੁਭਾਸ਼ ਚੰਦ, ਡੀ.ਐੱਸ.ਪੀ. ਜਸਵੀਰ ਸਿੰਘ, ਡੀ.ਐੱਸ.ਪੀ. ਕਰਨੈਲ ਸਿੰਘ, ਡੀ.ਐੱਸ.ਪੀ. ਸੰਜੀਵ ਕੁਮਾਰ, ਏ.ਸੀ.ਪੀ. ਗਗਨਦੀਪ ਸਿੰਘ, ਇੰਸਪੈਕਟਰ ਨਿਰਮਲ ਸਿੰਘ, ਇੰਸਪੈਕਟਰ ਰਸ਼ਪਾਲ ਸਿੰਘ ਅਤੇ ਏ.ਐੱਸ.ਆਈ. ਨਿਰਮਲ ਸਿੰਘ ਦੇ ਨਾਮ ਸ਼ਾਮਲ ਹਨ।
ਐੱਸ.ਪੀ. ਪਵਨਜੀਤ ਨੂੰ ਮਿਲੇਗਾ ਮੁੱਖ ਮੰਤਰੀ ਮੈਡਲ
ਉੱਥੇ ਹੀ ਪੰਜਾਬ ਸਰਕਾਰ ਵੱਲੋਂ ਖੰਨਾ ਦੇ ਐੱਸ.ਪੀ. (ਡੀ) ਪਵਨਜੀਤ ਨੂੰ ਵੀ ਆਜ਼ਾਦੀ ਦਿਹਾੜੇ ਮੌਕੇ ਵੱਕਾਰੀ ਮੁੱਖ ਮੰਤਰੀ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਹੈ।
ਇਹ ਸਨਮਾਨ ਉਨ੍ਹਾਂ ਦੀਆਂ ਸ਼ਾਨਦਾਰ ਪੁਲਿਸ ਸੇਵਾਵਾਂ, ਫ਼ਰਜ਼ ਪ੍ਰਤੀ ਇਮਾਨਦਾਰੀ, ਅਨੁਸ਼ਾਸਨ ਅਤੇ ਬਿਹਤਰੀਨ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਦਿੱਤਾ ਜਾ ਰਿਹਾ ਹੈ।
ਐੱਸ.ਐੱਸ.ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਨੇ ਐੱਸ.ਪੀ. ਪਵਨਜੀਤ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਮੈਡਲ ਪਵਨਜੀਤ ਦੀ ਮਿਹਨਤ, ਡਿਊਟੀ ਪ੍ਰਤੀ ਨਿਸ਼ਠਾ ਅਤੇ ਪੁਲਿਸ ਵਿਭਾਗ ਪ੍ਰਤੀ ਸਮਰਪਣ ਦਾ ਸਨਮਾਨ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਪੂਰੇ ਖੰਨਾ ਪੁਲਿਸ ਪ੍ਰਸ਼ਾਸਨ ਦਾ ਮਾਣ ਵਧਿਆ ਹੈ।
