ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, ਗੈਂਗਸਟਰ ਦਾ ਹੈਂਡਲਰ ਗ੍ਰਿਫ਼ਤਾਰ, ਨਾਬਾਲਗਾਂ ਨੂੰ ਲਾਲਚ ਦੇ ਕੇ ਕਰਵਾਉਂਦਾ ਸੀ ਵਾਰਦਾਤਾਂ
ਨਾਬਾਲਗਾਂ ਨੂੰ 15 ਤੋਂ 50 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਕਰਵਾਉਂਦਾ ਸੀ ਅਪਰਾਧਿਕ ਵਾਰਦਾਤਾਂ
ਪਾਕਿਸਤਾਨੀ ਡਰੋਨ ਰਾਹੀਂ ਆਈ 5 ਕਿਲੋ ਅਫ਼ੀਮ ਤੇ 2 ਕਿਲੋ ਹੈਰੋਇਨ ਬਰਾਮਦ, 2 ਤਸਕਰ ਕਾਬੂ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਲਈ ਕੰਮ ਕਰਨ ਵਾਲੇ ਇੱਕ ਮੁੱਖ ਹੈਂਡਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੂਜੇ ਪਾਸੇ, ਸੀਮਾ ਸੁਰੱਖਿਆ ਬਲ (BSF) ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਵਿੱਚ ਭੇਜੀ ਗਈ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਵੀ ਬਰਾਮਦ ਕੀਤੀ ਗਈ ਹੈ।
ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਪੁਲਿਸ ਨੇ 23 ਸਾਲਾ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ, ਉਹ ਯੂਰਪ ਵਿੱਚ ਬੈਠੇ ਗੈਂਗਸਟਰ ਬਾਦਲਪ੍ਰੀਤ ਦੇ ਸਿੱਧੇ ਸੰਪਰਕ ਵਿੱਚ ਸੀ। ਉਸ ’ਤੇ ਏਐੱਸਆਈ ’ਤੇ ਹਮਲੇ ਅਤੇ ਪਿੰਡ ਪੰਡੋਰੀ ਵੜੈਚ ਵਿੱਚ ਪੈਟਰੋਲ ਬੰਬ ਸੁੱਟਣ ਵਰਗੀਆਂ ਵਾਰਦਾਤਾਂ ਦੀਆਂ ਹਦਾਇਤਾਂ ਦੇਣ ਦੇ ਦੋਸ਼ ਹਨ। ਮੁਲਜ਼ਮ ਕੋਲੋਂ .30 ਬੋਰ ਦਾ ਪਿਸਤੌਲ ਵੀ ਬਰਾਮਦ ਕੀਤਾ ਗਿਆ ਹੈ।
15 ਤੋਂ 50 ਹਜ਼ਾਰ ਰੁਪਏ ਦਾ ਲਾਲਚ ਦੇ ਕੇ ਨਾਬਾਲਗਾਂ ਤੋਂ ਕਰਵਾਉਂਦਾ ਸੀ ਵਾਰਦਾਤਾਂ
ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁਲਜ਼ਮ ਗੁਰਵਿੰਦਰ ਸਿੰਘ ਨਾਬਾਲਗਾਂ ਅਤੇ ਨੌਜਵਾਨਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਕਰਦਾ ਸੀ। ਦੋਸ਼ ਹੈ ਕਿ ਉਹ ਨੌਜਵਾਨਾਂ ਨੂੰ 15 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦੇਣ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਵੱਖ-ਵੱਖ ਵਾਰਦਾਤਾਂ ਕਰਵਾਉਂਦਾ ਸੀ।
ਪੁਲਿਸ ਹੁਣ ਇਸ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਤੱਕ ਪਹੁੰਚਣ ਲਈ ਜਾਂਚ ਕਰ ਰਹੀ ਹੈ।
ਪਾਕਿਸਤਾਨੀ ਡਰੋਨ ਰਾਹੀਂ ਆਈ ਹੈਰੋਇਨ ਤੇ ਅਫ਼ੀਮ ਦੀ ਖੇਪ, 2 ਤਸਕਰ ਗ੍ਰਿਫ਼ਤਾਰ
ਇੱਕ ਹੋਰ ਸਾਂਝੀ ਕਾਰਵਾਈ ਦੌਰਾਨ ਲੋਪੋਕੇ ਪੁਲਿਸ ਅਤੇ ਬੀਐੱਸਐੱਫ ਦੀ ਟੀਮ ਨੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ 5 ਕਿਲੋ ਅਫ਼ੀਮ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।
ਇਸ ਸਬੰਧੀ ਐੱਫਆਈਆਰ ਨੰਬਰ 327 ਦਰਜ ਕੀਤੀ ਗਈ ਹੈ। ਮੁੱਢਲੀ ਜਾਂਚ ਮੁਤਾਬਕ, ਨਸ਼ੀਲੇ ਪਦਾਰਥਾਂ ਦੀ ਇਹ ਖੇਪ ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤੀ ਸਰਹੱਦ ਅੰਦਰ ਸੁੱਟੀ ਗਈ ਸੀ।
ਮੋਬਾਈਲ ਫ਼ੋਨਾਂ ਅਤੇ ਵਿੱਤੀ ਲੈਣ-ਦੇਣ ਦੀ ਜਾਂਚ ਜਾਰੀ
ਐੱਸਐੱਸਪੀ ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਮੁਲਜ਼ਮਾਂ ਦੇ ਮੋਬਾਈਲ ਫ਼ੋਨਾਂ, ਸੋਸ਼ਲ ਮੀਡੀਆ ਖਾਤਿਆਂ ਅਤੇ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਇਨ੍ਹਾਂ ਮਾਮਲਿਆਂ ਨਾਲ ਜੁੜੇ ਹੋਰ ਲੋਕਾਂ ਅਤੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।
ਇਸ ਪੂਰੀ ਕਾਰਵਾਈ ਵਿੱਚ ਐੱਸਪੀ (ਡੀ), ਐੱਸਪੀ (ਆਪ੍ਰੇਸ਼ਨਜ਼), ਡੀਐੱਸਪੀ ਰਾਜਾਸਾਂਸੀ ਅਤੇ ਸੀਆਈਏ ਦੀਆਂ ਤਕਨੀਕੀ ਟੀਮਾਂ ਨੇ ਅਹਿਮ ਭੂਮਿਕਾ ਨਿਭਾਈ।
