ਪੰਜਾਬ ਯੂਨੀਵਰਸਿਟੀ ਦੀ ਧਰਤੀ ਨਾਲ ਜੁੜੇ ਪੁਆਧੀ ਪਿੰਡਾਂ ਨੂੰ ਅਧਿਕਾਰਤ ਮਾਨਤਾ ਦੇਣ ਦੀ ਮੰਗ
ਚੰਡੀਗੜ੍ਹ, 17 ਅਕਤੂਬਰ 2026: ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਸਾਖੀ (SAAKHI) ਨੇ ਯੂਨੀਵਰਸਿਟੀ ਦੇ ਉਪ-ਕੁਲਪਤੀ ਨੂੰ ਮੰਗ-ਪੱਤਰ ਸੌਂਪ ਕੇ ਪੰਜਾਬ ਯੂਨੀਵਰਸਿਟੀ ਦੀ ਸਥਾਪਨਾ ਨਾਲ ਜੁੜੇ ਪੁਰਾਤਨ ਪੁਆਧੀ ਪਿੰਡਾਂ ਅਤੇ ਪੁਆਧ ਖੇਤਰ ਦੀ ਇਤਿਹਾਸਕ, ਭਾਸ਼ਾਈ ਤੇ ਸੱਭਿਆਚਾਰਕ ਪਛਾਣ ਨੂੰ ਅਧਿਕਾਰਤ ਮਾਨਤਾ ਦੇਣ ਦੀ ਮੰਗ ਕੀਤੀ ਹੈ।
ਜਥੇਬੰਦੀ ਅਨੁਸਾਰ, ਚੰਡੀਗੜ੍ਹ ਪੁਆਧ ਖੇਤਰ ਦਾ ਅਹਿਮ ਹਿੱਸਾ ਹੈ, ਜਿਸ ਦੀ ਆਪਣੀ ਵਿਲੱਖਣ ਬੋਲੀ, ਸੱਭਿਆਚਾਰ ਅਤੇ ਇਤਿਹਾਸਕ ਪਛਾਣ ਹੈ। ਚੰਡੀਗੜ੍ਹ ਦੀ ਉਸਾਰੀ ਲਈ ਕਈ ਪਿੰਡਾਂ ਦੀ ਜ਼ਮੀਨ ਹਾਸਲ ਕੀਤੀ ਗਈ ਸੀ। ਪੰਜਾਬ ਯੂਨੀਵਰਸਿਟੀ ਦਾ ਕੈਂਪਸ ਵੀ ਕਾਂਜੀਮਾਜਰਾ ਅਤੇ ਧਨਾਸ ਵਰਗੇ ਪੁਰਾਤਨ ਪੁਆਧੀ ਪਿੰਡਾਂ ਦੀ ਧਰਤੀ ਨਾਲ ਜੁੜਿਆ ਹੋਇਆ ਹੈ। ਜਥੇਬੰਦੀ ਨੇ ਆਪਣੇ ਮੰਗ-ਪੱਤਰ ਨਾਲ ਇਤਿਹਾਸਕ ਦਸਤਾਵੇਜ਼ ਅਤੇ ਹਵਾਲੇ ਨੱਥੀ ਕਰਕੇ ਇਸ ਪਿਛੋਕੜ ਨੂੰ ਉਜਾਗਰ ਕੀਤਾ ਹੈ।
ਸਾਖੀ ਜਥੇਬੰਦੀ ਨੇ ਤਿੰਨ ਪ੍ਰਮੁੱਖ ਮੰਗਾਂ ਰੱਖੀਆਂ ਹਨ: ਪਹਿਲੀ, ਯੂਨੀਵਰਸਿਟੀ ਦੀ ਵੈੱਬਸਾਈਟ ’ਤੇ ਪੰਜਾਬੀ (ਗੁਰਮੁਖੀ), ਹਿੰਦੀ ਅਤੇ ਅੰਗਰੇਜ਼ੀ ਵਿੱਚ ਪੁਆਧ ਦੀ ਧਰਤੀ ਅਤੇ ਇਸ ਦੇ ਮੂਲ ਵਸਨੀਕਾਂ ਨੂੰ ਮਾਨਤਾ ਦੇਣ ਵਾਲਾ ਬਿਆਨ ਪ੍ਰਕਾਸ਼ਿਤ ਕੀਤਾ ਜਾਵੇ। ਦੂਜੀ, ਕੈਂਪਸ ਵਿੱਚ ਯਾਦਗਾਰੀ ਪੱਥਰ ਜਾਂ ਸਮਾਰਕ ਸਥਾਪਿਤ ਕਰਕੇ ਕਾਂਜੀਮਾਜਰਾ, ਧਨਾਸ ਅਤੇ ਹੋਰ ਸਬੰਧਤ ਪਿੰਡਾਂ ਦੇ ਨਾਂ ਤੇ ਇਤਿਹਾਸ ਦਰਜ ਕੀਤਾ ਜਾਵੇ। ਤੀਜੀ, ਇਤਿਹਾਸ, ਭੂਗੋਲ ਅਤੇ ਪੰਜਾਬੀ ਵਿਭਾਗਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਅਧੀਨ ਆਉਂਦੇ ਪੁਰਾਤਨ ਪੁਆਧੀ ਪਿੰਡਾਂ ਦੇ ਮੂਲ ਨਾਵਾਂ ਨੂੰ ਦਰਸਾਉਂਦਾ ਖੋਜ-ਆਧਾਰਿਤ ਨਕਸ਼ਾ ਤਿਆਰ ਕਰਕੇ ਕੈਂਪਸ ਅਤੇ ਵੈੱਬਸਾਈਟ ’ਤੇ ਪ੍ਰਦਰਸ਼ਿਤ ਕੀਤਾ ਜਾਵੇ।
ਜਥੇਬੰਦੀ ਨੇ ਆਪਣੀ ਮੰਗ ਦੇ ਸਮਰਥਨ ਵਿੱਚ ਕੋਲੰਬੀਆ ਯੂਨੀਵਰਸਿਟੀ, ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਟੋਰਾਂਟੋ ਯੂਨੀਵਰਸਿਟੀ ਅਤੇ ਸਿਡਨੀ ਯੂਨੀਵਰਸਿਟੀ ਦੀਆਂ ਉਦਾਹਰਨਾਂ ਵੀ ਦਿੱਤੀਆਂ ਹਨ, ਜਿੱਥੇ ਮੂਲ ਵਸਨੀਕਾਂ ਦੀ ਧਰਤੀ, ਭਾਸ਼ਾ ਅਤੇ ਪਛਾਣ ਨੂੰ ਮਾਨਤਾ ਦੇਣ ਲਈ ਵੱਖ-ਵੱਖ ਉਪਰਾਲੇ ਕੀਤੇ ਗਏ ਹਨ।
ਸਾਖੀ ਜਥੇਬੰਦੀ ਨੇ ਕਿਹਾ ਕਿ ਵਿਕਾਸ ਦੇ ਨਾਲ-ਨਾਲ ਕਿਸੇ ਖੇਤਰ ਦੇ ਮੂਲ ਇਤਿਹਾਸ, ਭਾਸ਼ਾ ਅਤੇ ਸੱਭਿਆਚਾਰਕ ਵਿਰਸੇ ਨੂੰ ਸੰਭਾਲਣਾ ਵੀ ਜ਼ਰੂਰੀ ਹੈ। ਜਥੇਬੰਦੀ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਮੰਗ-ਪੱਤਰ ’ਤੇ ਵਿਚਾਰ ਕਰਕੇ ਇਸ ਦੇ ਅਮਲ ਲਈ ਢੁੱਕਵੇਂ ਕਦਮ ਚੁੱਕੇ ਜਾਣ ਅਤੇ ਇਸ ਸਬੰਧੀ ਵਿਚਾਰ-ਵਟਾਂਦਰੇ ਲਈ ਜਥੇਬੰਦੀ ਨੂੰ ਮੀਟਿੰਗ ਦਾ ਸਮਾਂ ਦਿੱਤਾ ਜਾਵੇ।
