ਫਤਿਹਗੜ੍ਹ ਸਾਹਿਬ ‘ਚ ਦਰਦਨਾਕ ਹਾਦਸਾ, ਬੇਕਾਬੂ ਕਾਰ ਛੱਪੜ ‘ਚ ਡਿੱਗੀ, 2 ਦੋਸਤਾਂ ਦੀ ਮੌਤ
Fatehgarh Sahib accident; ਫਤਿਹਗੜ੍ਹ ਸਾਹਿਬ ਦੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਤੋਂ ਚੰਡੀਗੜ੍ਹ ਰੋਡ ‘ਤੇ ਪਿੰਡ ਅੱਤੇਵਾਲੀ ਨੇੜੇ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਪਾਰਟੀ ਤੋਂ ਵਾਪਸ ਆ ਰਹੇ ਦੋ ਦੋਸਤਾਂ ਦੀ ਕਾਰ ਦਾ ਟਾਇਰ ਫਟਣ ਕਾਰਨ ਹੋਏ ਹਾਦਸੇ ਵਿੱਚ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸਰਹਿੰਦ ਦੇ ਹਮਾਯੂੰਪੁਰ ਵਾਸੀ ਮਾਧਵ ਕੁਮਾਰ ਅਤੇ ਹਰੀਸ਼ ਕੁਮਾਰ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਚਾਰ ਦੋਸਤ ਦੋ ਵੱਖ-ਵੱਖ ਕਾਰਾਂ ਵਿੱਚ ਸਵਾਰ ਹੋ ਕੇ ਆਪਣੇ ਇੱਕ ਦੋਸਤ ਦੀ ਭੈਣ ਦੇ ਘਰ ਗਏ ਸਨ, ਜਿੱਥੇ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਪਾਰਟੀ ਰੱਖੀ ਗਈ ਸੀ। ਸਾਰੇ ਦੋਸਤ ਖੁਸ਼ੀ ਦੇ ਮਾਹੌਲ ਵਿੱਚ ਸ਼ਾਮਲ ਹੋਏ। ਪਾਰਟੀ ਖਤਮ ਹੋਣ ਤੋਂ ਬਾਅਦ ਉਹ ਆਪਣੇ ਦੋਸਤ ਨੂੰ ਛੱਡਣ ਲਈ ਵਾਪਸ ਜਾ ਰਹੇ ਸਨ, ਪਰ ਰਸਤੇ ਵਿੱਚ ਇਹ ਦਰਦਨਾਕ ਹਾਦਸਾ ਵਾਪਰ ਗਿਆ।
ਟਾਇਰ ਫਟਣ ਤੋਂ ਬਾਅਦ ਬੇਕਾਬੂ ਹੋਈ ਕਾਰ
ਹਾਦਸਾ ਉਸ ਸਮੇਂ ਹੋਇਆ ਜਦੋਂ ਕਾਰ ਪਿੰਡ ਅੱਤੇਵਾਲੀ ਨੇੜੇ ਪਹੁੰਚੀ। ਅਚਾਨਕ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਖਤਮ ਹੋ ਗਿਆ। ਬੇਕਾਬੂ ਕਾਰ ਪਹਿਲਾਂ ਸੜਕ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਈ ਅਤੇ ਫਿਰ ਉਛਲ ਕੇ ਨੇੜੇ ਬਣੇ ਪਾਣੀ ਦੇ ਛੱਪੜ ਵਿੱਚ ਜਾ ਡਿੱਗੀ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਮਾਧਵ ਕੁਮਾਰ ਅਤੇ ਹਰੀਸ਼ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪੁਲਿਸ ਵੱਲੋਂ ਜਾਂਚ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਥਾਣਾ ਫਤਿਹਗੜ੍ਹ ਸਾਹਿਬ ਦੇ ਐੱਸਐੱਚਓ ਅਸ਼ੋਕ ਕੁਮਾਰ ਨੇ ਦੱਸਿਆ ਕਿ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਹਾਦਸੇ ਤੋਂ ਬਾਅਦ ਦੋ ਪਰਿਵਾਰਾਂ ‘ਚ ਸੋਗ ਦੀ ਲਹਿਰ ਹੈ।
