ਪੰਜਾਬ ਦੇ ITBP DIG ਦੀ ਸੜਕ ਹਾਦਸੇ ’ਚ ਮੌਤ
Punjab ITBP DIG dies in road accident: ਸਹਾਰਨਪੁਰ: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਭਾਰਤ-ਤਿੱਬਤ ਸਰਹੱਦੀ ਪੁਲਿਸ (ITBP) ਦੇ DIG ਪਰਮਿੰਦਰ ਸਿੰਘ (48) ਅਤੇ ਉਨ੍ਹਾਂ ਦੇ ਡਰਾਈਵਰ ਦੀ ਮੌਤ ਹੋ ਗਈ। ਪਰਮਿੰਦਰ ਸਿੰਘ ਪੰਜਾਬ ਦੇ ਰੋਪੜ ਨਾਲ ਸਬੰਧਤ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਪਰਮਿੰਦਰ ਸਿੰਘ ਉੱਤਰਾਖੰਡ ਦੇ ਮਸੂਰੀ ਵਿੱਚ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਹਰਿਆਣਾ ਦੇ ਅੰਬਾਲਾ ਵੱਲ ਜਾ ਰਹੇ ਸਨ। ਉਨ੍ਹਾਂ ਦੀ ਸਕਾਰਪੀਓ ਗੱਡੀ ਡਰਾਈਵਰ ਰਵੀ ਸ਼ੰਕਰ (35) ਚਲਾ ਰਿਹਾ ਸੀ। ਗੱਡੀ ਵਿੱਚ ਉਨ੍ਹਾਂ ਦਾ ਗੰਨਮੈਨ ਜੈਰਾਮ ਵੀ ਮੌਜੂਦ ਸੀ।
ਡਿਵਾਈਡਰ ਨਾਲ ਟਕਰਾ ਕੇ ਦੂਜੀ ਲੇਨ ’ਚ ਪਹੁੰਚੀ ਸਕਾਰਪੀਓ
ਹਾਦਸਾ ਸ਼ਨੀਵਾਰ ਸਵੇਰੇ ਕਰੀਬ 10:30 ਵਜੇ ਦੇਹਰਾਦੂਨ-ਪੰਚਕੂਲਾ ਨੈਸ਼ਨਲ ਹਾਈਵੇਅ ’ਤੇ ਸਰਸਾਵਾ ਨੇੜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਸਕਾਰਪੀਓ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਨਾਲ ਟਕਰਾਈ ਅਤੇ ਟੱਕਰ ਤੋਂ ਬਾਅਦ ਉਛਲ ਕੇ ਦੂਜੀ ਲੇਨ ਵਿੱਚ ਜਾ ਪਹੁੰਚੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਇੱਕ ਸਵਿਫਟ ਕਾਰ ਨਾਲ ਸਕਾਰਪੀਓ ਦੀ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਮੌਕੇ ’ਤੇ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ। ਸਕਾਰਪੀਓ ਅਤੇ ਸਵਿਫਟ ਦੇ ਕਈ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਵਾਹਨਾਂ ਵਿੱਚ ਸਵਾਰ ਲੋਕ ਅੰਦਰ ਹੀ ਫਸ ਗਏ।
ਸਥਾਨਕ ਲੋਕਾਂ ਨੇ ਕੀਤੀ ਮਦਦ
ਹਾਦਸੇ ਤੋਂ ਬਾਅਦ ਆਲੇ-ਦੁਆਲੇ ਦੇ ਲੋਕ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਟੀਮ ਵੀ ਮੌਕੇ ’ਤੇ ਪਹੁੰਚੀ ਅਤੇ ਗੱਡੀਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ। ਹਸਪਤਾਲ ਵਿੱਚ ਡਾਕਟਰਾਂ ਨੇ DIG ਪਰਮਿੰਦਰ ਸਿੰਘ ਅਤੇ ਉਨ੍ਹਾਂ ਦੇ ਡਰਾਈਵਰ ਰਵੀ ਸ਼ੰਕਰ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦਾ ਗੰਨਮੈਨ ਜੈਰਾਮ ਗੰਭੀਰ ਜ਼ਖ਼ਮੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।
ਸਵਿਫਟ ਕਾਰ ਵਿੱਚ ਸਵਾਰ ਤਿੰਨ ਲੋਕ ਵੀ ਜ਼ਖ਼ਮੀ ਹੋਏ ਹਨ। ਹਾਦਸਾ ਸਹਾਰਨਪੁਰ ਜ਼ਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 25 ਕਿਲੋਮੀਟਰ ਦੂਰ ਸਰਸਾਵਾ ਥਾਣਾ ਖੇਤਰ ਦੇ ਝਬੀਰਨ ਕੱਟ ਨੇੜੇ ਵਾਪਰਿਆ। ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
