ਜ਼ਮੀਨੀ ਵਿਵਾਦ ਨੇ ਧਾਰਿਆ ਖੂਨੀ ਰੂਪ, ਗੋਲੀਬਾਰੀ ਵਿੱਚ ਦੋ ਦੀ ਮੌਤ
Land dispute, two killed in firing: ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਪਹੂਵਿੰਡ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਦੋਵੇਂ ਧਿਰਾਂ ਦੇ ਇੱਕ-ਇੱਕ ਵਿਅਕਤੀ ਨੂੰ ਗੋਲੀ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਪਿੰਡ ਵਿੱਚ ਕਰੀਬ ਡੇਢ ਏਕੜ ਜ਼ਮੀਨ ਨੂੰ ਲੈ ਕੇ ਅਮਰਜੀਤ ਸਿੰਘ ਅਤੇ ਸੁਖਰਾਜ ਸਿੰਘ ਧਿਰਾਂ ਵਿਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ। ਅੱਜ ਦੋਵੇਂ ਧਿਰਾਂ ਜ਼ਮੀਨ ’ਤੇ ਆਹਮੋ-ਸਾਹਮਣੇ ਹੋ ਗਈਆਂ ਅਤੇ ਗੱਲਬਾਤ ਦੌਰਾਨ ਮਾਮਲਾ ਗੋਲੀਬਾਰੀ ਤੱਕ ਪਹੁੰਚ ਗਿਆ। ਦੋਵਾਂ ਪਾਸਿਆਂ ਤੋਂ ਚੱਲੀਆਂ ਗੋਲੀਆਂ ਵਿੱਚ ਸੁਖਰਾਜ ਸਿੰਘ ਦੇ ਸਿਰ ਵਿੱਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਥੇ ਹੀ ਦੂਜੀ ਧਿਰ ਅਮਰਜੀਤ ਸਿੰਘ ਸਾਬਕਾ ਸਰਪੰਚ ਦੇ ਭਰਾ ਨਿਰਮਲ ਸਿੰਘ ਨੂੰ ਵੀ ਗੋਲੀਆਂ ਲੱਗੀਆਂ ਜਿਸ ਕਾਰਨ ਨਿਰਮਲ ਸਿੰਘ ਦੀ ਵੀ ਮੌਤ ਹੋ ਗਈ।
ਸਬ ਡਿਵੀਜ਼ਨ ਭਿੱਖੀਵਿੰਡ ਦੇ ਡੀਐਸਪੀ ਅਟਲ ਸੋਨੀ ਨੇ ਦੱਸਿਆ ਕਿ ਪਹੂਵਿੰਡ ਵਿਖੇ ਅਮਰਜੀਤ ਸਿੰਘ ਪਾਰਟੀ ਅਤੇ ਦੂਜੀ ਪਾਰਟੀ ਸੁਖਰਾਜ ਸਿੰਘ ਪਾਰਟੀ ਹੈ ਅਤੇ ਇਹਨਾਂ ਦੋਨਾਂ ਵਿੱਚ ਡੇਢ ਕਿੱਲਾ ਜ਼ਮੀਨ ਨੂੰ ਲੈ ਕੇ ਕਾਫੀ ਚਿਰ ਤੋਂ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਪੁਲਿਸ ਵੱਲੋਂ ਕਈ ਵਾਰ ਇਹਨਾਂ ਦੀ ਸੱਤ-51 ਵੀ ਕੀਤੀ ਗਈ ਸੀ ਅੱਜ ਦੋਵੇਂ ਧਿਰਾਂ ਜਮੀਨ ਦੇ ਵਿੱਚ ਆਮੋ ਸਾਹਮਣੇ ਹੋ ਗਈਆਂ। ਫਿਲਹਾਲ ਪੁਲਿਸ ਵੱਲੋਂ ਦੋਵਾਂ ਡੈਡ ਬਾਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਬਿਆਨ ਦਰਜ ਕਰ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ।
