ਛੁੱਟੀ ’ਤੇ ਆਏ ਫੌਜੀ ਜਵਾਨ ਨੇ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ
Army jawan kills wife: ਹੁਸ਼ਿਆਰਪੁਰ: ਮੁਕੇਰੀਆਂ ਹਲਕੇ ਦੇ ਹਾਜੀਪੁਰ ਨੇੜਲੇ ਪਿੰਡ ਸੁਨੇਹੜਾ ਵਿੱਚ ਛੁੱਟੀ ’ਤੇ ਘਰ ਆਏ ਇੱਕ ਫੌਜੀ ਜਵਾਨ ’ਤੇ ਆਪਣੀ ਪਤਨੀ ਦਾ ਕਥਿਤ ਤੌਰ ’ਤੇ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਲੱਗੇ ਹਨ। ਮ੍ਰਿਤਕਾ ਦੀ ਪਛਾਣ ਰਮਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਫੌਜੀ ਜਵਾਨ ਅਮਰਜੀਤ ਸਿੰਘ 13 ਅਗਸਤ ਦੀ ਰਾਤ ਨੂੰ ਛੁੱਟੀ ’ਤੇ ਆਪਣੇ ਘਰ ਆਇਆ ਸੀ। ਦੋਸ਼ ਹੈ ਕਿ ਉਸ ਨੇ ਸਵੇਰ ਤੱਕ ਆਪਣੀ ਪਤਨੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪਰਿਵਾਰ ਨੂੰ ਗੁੰਮਰਾਹ ਕਰਨ ਲਈ ਮੁਲਜ਼ਮ ਨੇ ਕਥਿਤ ਤੌਰ ’ਤੇ ਇਹ ਕਹਾਣੀ ਬਣਾਈ ਕਿ ਰਮਾ ਛੱਤ ਤੋਂ ਹੇਠਾਂ ਡਿੱਗ ਗਈ ਹੈ। ਸਵੇਰੇ ਕਰੀਬ 4 ਵਜੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਰਮਾ ਨੂੰ ਹਾਜੀਪੁਰ ਦੇ ਹਸਪਤਾਲ ਲਿਜਾਇਆ ਗਿਆ। ਜਦੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਨੇ ਰਮਾ ਦੇ ਸਰੀਰ ’ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਦੇਖੇ। ਇਸ ਤੋਂ ਬਾਅਦ ਪਰਿਵਾਰ ਨੂੰ ਸ਼ੱਕ ਹੋਇਆ ਕਿ ਉਸ ਦੀ ਕੁੱਟਮਾਰ ਕਰਕੇ ਹੱਤਿਆ ਕੀਤੀ ਗਈ ਹੈ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮ੍ਰਿਤਕਾ ਦੇ ਪਰਿਵਾਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੋਸ਼ ਲਗਾਇਆ ਕਿ ਵਿਆਹ ਤੋਂ ਬਾਅਦ ਤੋਂ ਹੀ ਅਮਰਜੀਤ ਸਿੰਘ ਰਮਾ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਦਾ ਆ ਰਿਹਾ ਸੀ। ਰਮਾ ਦੇ 8 ਸਾਲ ਦਾ ਇੱਕ ਪੁੱਤਰ ਅਤੇ ਇੱਕ ਧੀ ਦੱਸੇ ਜਾ ਰਹੇ ਹਨ।
ਪੁਲਿਸ ਨੇ ਮਾਮਲੇ ਵਿੱਚ ਫੌਜੀ ਜਵਾਨ ਅਮਰਜੀਤ ਸਿੰਘ ਸਮੇਤ ਉਸ ਦੇ ਚਾਚਾ ਕੁਲਦੀਪ ਕੂਕੀ ਅਤੇ ਚਾਚੀ ਸੋਨੀਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਮਰਜੀਤ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਉਸ ਦੇ ਚਾਚਾ-ਚਾਚੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ।
ਥਾਣਾ ਮੁਖੀ ਹਰਪ੍ਰੀਤ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਪਤੀ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਮ੍ਰਿਤਕਾ ਦੀ ਲਾਸ਼ ਪਰਿਵਾਰ ਹਵਾਲੇ ਕਰ ਦਿੱਤੀ ਗਈ ਹੈ, ਜਿਸ ਦਾ ਉਸ ਦੇ ਪੇਕੇ ਪਿੰਡ ਵਿੱਚ ਅੰਤਿਮ ਸਸਕਾਰ ਕੀਤਾ ਜਾਵੇਗਾ।
