ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਐਮ.ਸੀ. ਮੈਰੀ ਕੌਮ, ਰੂਹਾਨੀ ਮਾਹੌਲ ਦੀ ਕੀਤੀ ਸ਼ਲਾਘਾ
Mary Kom Visits Golden Temple Amritsar; ਅੰਮ੍ਰਿਤਸਰ ਦੀ ਪਵਿੱਤਰ ਧਰਤੀ ‘ਤੇ ਵੀਰਵਾਰ ਸਵੇਰੇ ਕਰੀਬ 4 ਵਜੇ ਵਿਸ਼ਵ ਪ੍ਰਸਿੱਧ ਭਾਰਤੀ ਮੁੱਕੇਬਾਜ਼ ਅਤੇ ਓਲੰਪਿਕ ਤਮਗਾ ਜੇਤੂ ਐਮ.ਸੀ. ਮੈਰੀ ਕੌਮ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਭੂਰੇ ਰੰਗ ਦਾ ਸੂਟ ਪਹਿਨਿਆ ਹੋਇਆ ਸੀ ਅਤੇ ਸਿਰ ‘ਤੇ ਗੁਰੂ ਘਰ ਦਾ ਰੁਮਾਲ ਸਾਹਿਬ ਸਜਾਇਆ ਹੋਇਆ ਸੀ। ਬੇਹੱਦ ਸਾਦਗੀ ਭਰੇ ਅੰਦਾਜ਼ ਵਿੱਚ ਮੈਰੀ ਕੌਮ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਗੁਰੂ ਘਰ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਮੈਰੀ ਕੌਮ ਨੇ ਇੱਥੋਂ ਦੇ ਰੂਹਾਨੀ ਮਾਹੌਲ, ਸ਼ਾਂਤੀ ਅਤੇ ਸੇਵਾ ਭਾਵਨਾ ਦੀ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਤੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਆਪਣੇ ਇਸ ਅਨੁਭਵ ਨੂੰ ਰੂਹ ਨੂੰ ਸਕੂਨ ਦੇਣ ਵਾਲਾ ਦੱਸਿਆ।
‘ਕੁਝ ਥਾਵਾਂ ਸਿੱਧਾ ਰੂਹ ਨੂੰ ਛੂਹ ਜਾਂਦੀਆਂ ਹਨ’
ਮੈਰੀ ਕੌਮ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਕੁਝ ਥਾਵਾਂ ਅਜਿਹੀਆਂ ਹੁੰਦੀਆਂ ਹਨ, ਜੋ ਸਿੱਧਾ ਤੁਹਾਡੀ ਰੂਹ ਨੂੰ ਛੂਹ ਜਾਂਦੀਆਂ ਹਨ ਅਤੇ ਸ੍ਰੀ ਦਰਬਾਰ ਸਾਹਿਬ ਉਨ੍ਹਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਇੱਥੋਂ ਦੀ ਅਧਿਆਤਮਿਕਤਾ, ਸ਼ਾਂਤੀ, ਕਾਰ ਸੇਵਾ ਅਤੇ ਲੰਗਰ ਦੀ ਨਿਸ਼ਕਾਮ ਸੇਵਾ ਭਾਵਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਵਿੱਤਰ ਅਸਥਾਨ ਸਾਨੂੰ ਸਿਖਾਉਂਦਾ ਹੈ ਕਿ ਸੱਚੀ ਮਹਾਨਤਾ ਨਿਮਰਤਾ, ਆਸਥਾ ਅਤੇ ਇਨਸਾਨੀਅਤ ਵਿੱਚ ਹੀ ਹੈ। ਆਪਣੀ ਪੋਸਟ ਦੇ ਅਖੀਰ ਵਿੱਚ ਉਨ੍ਹਾਂ ਨੇ ‘ਵਾਹਿਗੁਰੂ ਜੀ ਮੇਹਰ ਕਰਨ’ ਲਿਖ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਮੁੱਕੇਬਾਜ਼ੀ ਦੀ ਦੁਨੀਆ ਵਿੱਚ ‘ਮੈਗਨੀਫਿਸੈਂਟ ਮੈਰੀ’ ਦਾ ਸੁਨਹਿਰੀ ਸਫ਼ਰ
ਦੱਸ ਦੇਈਏ ਕਿ ਮਣੀਪੁਰ ਦੇ ਇੱਕ ਸਧਾਰਨ ਕਿਸਾਨ ਪਰਿਵਾਰ ਵਿੱਚੋਂ ਨਿਕਲ ਕੇ ਕੌਮਾਂਤਰੀ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕਰਨ ਵਾਲੀ ਐਮ.ਸੀ. ਮੈਰੀ ਕੌਮ ਭਾਰਤੀ ਖੇਡ ਜਗਤ ਦੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਅਨੇਕਾਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਮੁੱਕੇਬਾਜ਼ੀ ਦੀ ਦੁਨੀਆ ਵਿੱਚ ਆਪਣੀ ਵੱਖਰੀ ਪਛਾਣ ਬਣਾਈ।
ਮੈਰੀ ਕੌਮ 6 ਵਾਰ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਣ ਵਾਲੀ ਪਹਿਲੀ ਮਹਿਲਾ ਮੁੱਕੇਬਾਜ਼ ਹਨ। ਉਨ੍ਹਾਂ ਨੇ ਸਾਲ 2012 ਵਿੱਚ ਲੰਡਨ ਓਲੰਪਿਕ ਦੌਰਾਨ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਸੀ। ਇਸ ਤੋਂ ਇਲਾਵਾ ਸਾਲ 2014 ਦੀਆਂ ਏਸ਼ੀਅਨ ਖੇਡਾਂ ਅਤੇ 2018 ਦੀਆਂ ਕਾਮਨਵੈਲਥ ਖੇਡਾਂ ਵਿੱਚ ਵੀ ਉਨ੍ਹਾਂ ਨੇ ਭਾਰਤ ਲਈ ਸੋਨ ਤਮਗੇ ਜਿੱਤੇ ਸਨ।
ਖੇਡਾਂ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਉਨ੍ਹਾਂ ਨੂੰ ਪਦਮ ਸ਼੍ਰੀ, ਪਦਮ ਭੂਸ਼ਣ, ਪਦਮ ਵਿਭੂਸ਼ਣ ਅਤੇ ਮੇਜਰ ਧਿਆਨ ਚੰਦ ਖੇਡ ਰਤਨ ਵਰਗੇ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ।