ਸੰਗਰੂਰ BJP ਦਫ਼ਤਰ ਪੈਟਰੋਲ ਬੰਬ ਮਾਮਲੇ ‘ਚ ਵੱਡੀ ਅਪਡੇਟ, ਚਾਰਾਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਵਧਾਈ
Sangrur BJPOffice Petrol Bomb Case; ਸੰਗਰੂਰ ਸਥਿਤ ਭਾਜਪਾ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਮੁਹਾਲੀ ਦੀ NIA ਵਿਸ਼ੇਸ਼ ਅਦਾਲਤ ਨੇ ਚਾਰੋਂ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ ਅਤੇ ਜਾਂਚ ਲਈ 40 ਦਿਨ ਦਾ ਹੋਰ ਸਮਾਂ ਦੇ ਦਿੱਤਾ ਹੈ। ਮੁਲਜ਼ਮਾਂ ਵਿੱਚ ਹੈਪੀ ਸਿੰਘ, ਜਸਪ੍ਰੀਤ ਸਿੰਘ, ਸ਼ਾਹਨਵਾਜ਼ ਖਾਨ ਅਤੇ ਕਰਨਵੀਰ ਸਿੰਘ ਸ਼ਾਮਲ ਹਨ।
NIA ਨੇ UAPA ਦੀ ਧਾਰਾ 43D(2) ਤਹਿਤ 60 ਦਿਨ ਦਾ ਵਾਧੂ ਸਮਾਂ ਮੰਗਿਆ ਸੀ। ਜਾਂਚ ਏਜੰਸੀ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਵਿਦੇਸ਼ੀ ਹੈਂਡਲਰਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਦੀ ਪੁਸ਼ਟੀ ਕਰਨੀ ਬਾਕੀ ਹੈ।
ਜਾਂਚ ਏਜੰਸੀ ਮੁਤਾਬਕ ਮੁਲਜ਼ਮਾਂ ਤੋਂ ਜ਼ਬਤ ਕੀਤੇ ਮੋਬਾਈਲ ਫੋਨਾਂ ਅਤੇ ਲੈਪਟਾਪਾਂ ਦਾ ਫੋਰੈਂਸਿਕ ਡਾਟਾ 5 ਨਵੰਬਰ ਨੂੰ ਲੈਬ ਤੋਂ ਮਿਲਿਆ ਹੈ। ਡਾਟਾ ਕਾਫ਼ੀ ਜ਼ਿਆਦਾ ਹੋਣ ਕਾਰਨ ਉਸ ਦਾ ਵਿਸ਼ਲੇਸ਼ਣ ਕਰਨ ਲਈ ਹੋਰ ਸਮਾਂ ਚਾਹੀਦਾ ਹੈ।
ਇਸ ਤੋਂ ਇਲਾਵਾ ਮੁਲਜ਼ਮ ਸ਼ਾਹਨਵਾਜ਼ ਖਾਨ ਦੇ ਭਾਰਤ ਅਤੇ ਦੁਬਈ ਵਿੱਚ ਕਥਿਤ ਕਾਰੋਬਾਰ, ਹਵਾਲਾ ਆਪਰੇਟਰਾਂ ਅਤੇ ਪਾਕਿਸਤਾਨ ਵਿੱਚ ਬੈਠੇ ਹੈਂਡਲਰਾਂ ਨਾਲ ਸਬੰਧਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। NIA ਨੂੰ ਸ਼ੱਕ ਹੈ ਕਿ ਇਸ ਪੂਰੀ ਸਾਜ਼ਿਸ਼ ਵਿੱਚ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਸੀ।
ਬਚਾਅ ਪੱਖ ਦੇ ਵਕੀਲਾਂ ਨੇ NIA ਦੀ ਮੰਗ ਦਾ ਵਿਰੋਧ ਕਰਦਿਆਂ ਕਿਹਾ ਕਿ ਪਹਿਲਾਂ ਹੀ 30 ਦਿਨ ਦਾ ਵਾਧੂ ਸਮਾਂ ਦਿੱਤਾ ਜਾ ਚੁੱਕਾ ਹੈ। ਹਾਲਾਂਕਿ, ਅਦਾਲਤ ਨੇ ਜਾਂਚ ਵਿੱਚ ਸਾਹਮਣੇ ਆਏ ਨਵੇਂ ਤੱਥਾਂ ਨੂੰ ਦੇਖਦਿਆਂ 40 ਦਿਨ ਦਾ ਹੋਰ ਸਮਾਂ ਦੇਣ ਦੇ ਹੁਕਮ ਦਿੱਤੇ ਹਨ।
ਇਹ ਵਾਧੂ ਸਮਾਂ ਹੈਪੀ ਸਿੰਘ ਅਤੇ ਜਸਪ੍ਰੀਤ ਸਿੰਘ ਲਈ 26 ਨਵੰਬਰ, ਸ਼ਾਹਨਵਾਜ਼ ਖਾਨ ਲਈ 3 ਦਸੰਬਰ ਅਤੇ ਕਰਨਵੀਰ ਸਿੰਘ ਲਈ 9 ਦਸੰਬਰ 2026 ਤੋਂ ਲਾਗੂ ਹੋਵੇਗਾ।
ਇਹ ਹੈ ਪੂਰਾ ਮਾਮਲਾ
ਦਰਅਸਲ, 26 ਅਤੇ 27 ਜੁਲਾਈ 2026 ਦੀ ਦਰਮਿਆਨੀ ਰਾਤ ਨੂੰ ਸੰਗਰੂਰ ਸਥਿਤ ਭਾਜਪਾ ਦਫ਼ਤਰ ‘ਤੇ ਪੈਟਰੋਲ ਬੰਬ ਸੁੱਟਿਆ ਗਿਆ ਸੀ। ਜਾਂਚ ਮੁਤਾਬਕ ਹੈਪੀ ਸਿੰਘ ਅਤੇ ਜਸਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਸ਼ਾਹਨਵਾਜ਼ ਖਾਨ ਅਤੇ ਪਾਕਿਸਤਾਨ ਵਿੱਚ ਬੈਠੇ ਫਰਾਰ ਹੈਂਡਲਰ ‘ਰਾਣਾ ਭਾਈ’ ਦੇ ਨਿਰਦੇਸ਼ਾਂ ‘ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।
ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਸ ਕੰਮ ਬਦਲੇ ਹੈਪੀ ਸਿੰਘ ਦੇ ਬੈਂਕ ਖਾਤੇ ਵਿੱਚ ਪੈਸੇ ਟਰਾਂਸਫਰ ਕੀਤੇ ਗਏ ਸਨ। ਪੰਜਾਬ ਪੁਲਿਸ ਨੇ ਜੁਲਾਈ ਅਤੇ ਅਗਸਤ ਦੌਰਾਨ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ 19 ਅਕਤੂਬਰ 2026 ਨੂੰ NIA ਨੇ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ।