ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਚੀਨ ਨਾਲ 2-2 ਡਰਾਅ
India vs China hockey match; ਭਾਰਤੀ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ FIH ਵਿਸ਼ਵ ਕੱਪ ਦੇ ਪੂਲ-D ਦੇ ਆਪਣੇ ਪਹਿਲੇ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਦੀ ਸਿਲਵਰ ਮੈਡਲਿਸਟ ਅਤੇ ਵਿਸ਼ਵ ਰੈਂਕਿੰਗ ’ਚ ਦੂਜੇ ਸਥਾਨ ’ਤੇ ਕਾਬਜ਼ ਚੀਨ ਨਾਲ 2-2 ਨਾਲ ਡਰਾਅ ਖੇਡਿਆ। ਚੀਨ ਨੂੰ ਫੇਵਰੇਟ ਮੰਨਿਆ ਜਾ ਰਿਹਾ ਸੀ, ਪਰ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਅਹਿਮ ਅੰਕ ਹਾਸਲ ਕੀਤਾ।
ਭਾਰਤ ਵੱਲੋਂ ਨਵਨੀਤ ਕੌਰ ਨੇ 8ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਹਾਲਾਂਕਿ ਪਹਿਲੇ ਕੁਆਰਟਰ ਦੇ ਆਖਰੀ ਪਲਾਂ ਵਿੱਚ ਚੀਨ ਦੀ ਝਾਂਗ ਯਿੰਗ ਨੇ ਪੈਨਲਟੀ ਸਟ੍ਰੋਕ ’ਤੇ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਦੂਜੇ ਕੁਆਰਟਰ ਵਿੱਚ ਭਾਰਤ ਨੇ ਮੁੜ ਬੜ੍ਹਤ ਹਾਸਲ ਕੀਤੀ। 25ਵੇਂ ਮਿੰਟ ਵਿੱਚ ਦੀਪਿਕਾ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ।
ਤੀਜੇ ਕੁਆਰਟਰ ਵਿੱਚ ਚੀਨ ਨੇ ਜ਼ੋਰਦਾਰ ਵਾਪਸੀ ਕੀਤੀ। 39ਵੇਂ ਮਿੰਟ ਵਿੱਚ ਮਾ ਨਿੰਗ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਦੋਵਾਂ ਟੀਮਾਂ ਨੇ ਕਈ ਮੌਕੇ ਬਣਾਏ, ਪਰ ਕੋਈ ਵੀ ਟੀਮ ਜੇਤੂ ਗੋਲ ਨਹੀਂ ਕਰ ਸਕੀ।
ਆਖਰੀ ਕੁਆਰਟਰ ਵਿੱਚ ਚੀਨ ਨੇ ਭਾਰਤ ’ਤੇ ਕਾਫ਼ੀ ਦਬਾਅ ਬਣਾਇਆ, ਪਰ ਭਾਰਤੀ ਖਿਡਾਰਨਾਂ ਨੇ ਸ਼ਾਨਦਾਰ ਡਿਫੈਂਸ ਕਰਦਿਆਂ ਦਬਾਅ ਝੱਲਿਆ ਅਤੇ ਇੱਕ ਅਹਿਮ ਅੰਕ ਆਪਣੇ ਨਾਮ ਕੀਤਾ।
ਇਸ ਡਰਾਅ ਤੋਂ ਬਾਅਦ ਚੀਨ ਅਤੇ ਭਾਰਤ ਦੋਵਾਂ ਦੇ ਖਾਤੇ ਵਿੱਚ ਇੱਕ-ਇੱਕ ਅੰਕ ਹੈ। ਪੂਲ-D ਵਿੱਚ ਭਾਰਤ ਦਾ ਅਗਲਾ ਮੁਕਾਬਲਾ 18 ਅਗਸਤ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ, ਜਦਕਿ ਪੂਲ ਪੜਾਅ ਦਾ ਆਖਰੀ ਅਤੇ ਵੱਡਾ ਮੁਕਾਬਲਾ 20 ਅਗਸਤ ਨੂੰ ਇੰਗਲੈਂਡ ਖ਼ਿਲਾਫ਼ ਹੋਵੇਗਾ।
ਭਾਰਤੀ ਟੀਮ ਦੀ ਖਾਸ ਗੱਲ ਇਹ ਹੈ ਕਿ ਵਿਸ਼ਵ ਕੱਪ ਵਿੱਚ ਹਿੱਸਾ ਲੈ ਰਹੀਆਂ 16 ਟੀਮਾਂ ਵਿੱਚੋਂ ਭਾਰਤ ਕੋਲ 5 ਅਜਿਹੀਆਂ ਖਿਡਾਰਨਾਂ ਹਨ, ਜਿਨ੍ਹਾਂ ਨੇ 200 ਜਾਂ ਇਸ ਤੋਂ ਵੱਧ ਸੀਨੀਅਰ ਅੰਤਰਰਾਸ਼ਟਰੀ ਮੈਚ ਖੇਡੇ ਹਨ।
