ਗੱਡੀ ਠੀਕ ਕਰਵਾਉਣ ਦੇ ਬਹਾਨੇ ਘਰੋਂ ਲੈ ਕੇ ਗਏ ਨੌਜਵਾਨ ਦਾ ਕਤਲ, ਸਦਮੇ ’ਚ ਪਿਤਾ ਨੇ ਵੀ ਤੋੜਿਆ ਦਮ
Youth murdered, father dies in shock: ਗੁਰਦਾਸਪੁਰ: ਗੁਰਦਾਸਪੁਰ ਦੇ ਪਿੰਡ ਸੋਹੀਆਂ ਦੇ ਨੌਜਵਾਨ ਤੇਜਿੰਦਰ ਸਿੰਘ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਕੁਝ ਵਿਅਕਤੀ ਗੱਡੀ ਠੀਕ ਕਰਵਾਉਣ ਦੇ ਬਹਾਨੇ ਤੇਜਿੰਦਰ ਸਿੰਘ ਨੂੰ ਘਰੋਂ ਆਪਣੇ ਨਾਲ ਲੈ ਗਏ, ਜਿਸ ਤੋਂ ਬਾਅਦ ਉਸ ਦੀ ਲਾਸ਼ ਚੀਮਾ ਖੁੱਡੀ ਸੂਏ ਦੀ ਪੱਟੜੀ ਤੋਂ ਮਿਲੀ। ਇਸ ਘਟਨਾ ਤੋਂ ਬਾਅਦ ਪੁੱਤ ਦੀ ਮੌਤ ਦੇ ਸਦਮੇ ਵਿੱਚ ਉਸ ਦੇ ਪਿਤਾ ਕਸ਼ਮੀਰ ਸਿੰਘ ਦੀ ਵੀ ਮੌਤ ਹੋ ਗਈ। ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ੍ਰੀ ਹਰਗੋਬਿੰਦਪੁਰ ਦੇ ਡੀਐੱਸਪੀ ਮਨੋਜ ਕੁਮਾਰ ਨੇ ਦੱਸਿਆ ਕਿ ਧਾਰੀਵਾਲ ਵਾਸੀ ਹਰਜੀਤ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦਾ ਛੋਟਾ ਪੁੱਤਰ ਤੇਜਿੰਦਰ ਸਿੰਘ ਅੱਡਾ ਧਾਰੀਵਾਲ ਸੋਹੀਆਂ ਵਿਖੇ ਗੱਡੀਆਂ ਠੀਕ ਕਰਨ ਦਾ ਕੰਮ ਕਰਦਾ ਸੀ। 14 ਅਗਸਤ ਨੂੰ ਉਹ ਆਪਣੀ ਦੁਕਾਨ ਬੰਦ ਕਰਕੇ ਘਰ ਆਇਆ ਸੀ। ਕੁਝ ਸਮੇਂ ਬਾਅਦ ਗੁਰਸਾਹਿਬ ਸਿੰਘ ਅਤੇ ਗੁਰਜੀਤ ਸਿੰਘ ਪੰਨੂ ਵਾਸੀ ਮਾੜੀ ਪੰਨੂਆਂ, ਜੋ ਪਹਿਲਾਂ ਵੀ ਤੇਜਿੰਦਰ ਤੋਂ ਗੱਡੀਆਂ ਠੀਕ ਕਰਵਾਉਂਦੇ ਸਨ, ਦੋ ਅਣਪਛਾਤੇ ਨੌਜਵਾਨਾਂ ਸਮੇਤ ਮੋਟਰਸਾਈਕਲ ’ਤੇ ਉਸ ਦੇ ਘਰ ਪਹੁੰਚੇ। ਸ਼ਿਕਾਇਤ ਅਨੁਸਾਰ ਉਹ ਤੇਜਿੰਦਰ ਨੂੰ ਗੱਡੀ ਠੀਕ ਕਰਨ ਦੇ ਬਹਾਨੇ ਆਪਣੇ ਨਾਲ ਲੈ ਗਏ।
ਇੰਸਪੈਕਟਰ ਹਰਮੀਕ ਸਿੰਘ ਮੁਤਾਬਕ ਜਦੋਂ ਦੇਰ ਰਾਤ ਤੱਕ ਤੇਜਿੰਦਰ ਘਰ ਵਾਪਸ ਨਾ ਆਇਆ ਤਾਂ ਉਸ ਦੇ ਵੱਡੇ ਭਰਾ ਰਵਿੰਦਰ ਸਿੰਘ ਨੇ ਫੋਨ ਕੀਤਾ, ਪਰ ਫੋਨ ਨਹੀਂ ਚੁੱਕਿਆ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਸਾਰੀ ਰਾਤ ਉਸ ਦੀ ਭਾਲ ਕੀਤੀ। ਅਗਲੀ ਸਵੇਰ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਤੇਜਿੰਦਰ ਸਿੰਘ ਦੀ ਲਾਸ਼ ਚੀਮਾ ਖੁੱਡੀ ਸੂਏ ਦੀ ਪੱਟੜੀ ’ਤੇ ਪਈ ਹੈ। ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਦੀ ਪਛਾਣ ਕੀਤੀ। ਮ੍ਰਿਤਕ ਦੀ ਮਾਤਾ ਨੇ ਗੁਰਸਾਹਿਬ ਸਿੰਘ, ਗੁਰਜੀਤ ਸਿੰਘ ਪੰਨੂ ਅਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ’ਤੇ ਕਤਲ ਦੇ ਦੋਸ਼ ਲਗਾਏ ਹਨ।
ਪੁਲਿਸ ਮੁਤਾਬਕ ਮਾਮਲੇ ਵਿੱਚ ਮੁਕੱਦਮਾ ਨੰਬਰ 139 ਤਹਿਤ ਧਾਰਾ 103, 140 ਅਤੇ 3(5) ਅਧੀਨ ਗੁਰਸਾਹਿਬ ਸਿੰਘ, ਗੁਰਜੀਤ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਸਮੇਤ ਕੁੱਲ ਚਾਰ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਨੇ ਗੁਰਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਉਧਰ, ਮ੍ਰਿਤਕ ਦੇ ਭਰਾਵਾਂ ਨੇ ਦੱਸਿਆ ਕਿ ਤੇਜਿੰਦਰ ਸਿੰਘ ਦੀ ਮੌਤ ਦੇ ਸਦਮੇ ਨੂੰ ਉਸ ਦੇ ਪਿਤਾ ਕਸ਼ਮੀਰ ਸਿੰਘ ਸਹਾਰ ਨਹੀਂ ਸਕੇ ਅਤੇ ਅੱਜ ਉਨ੍ਹਾਂ ਦੀ ਵੀ ਮੌਤ ਹੋ ਗਈ। ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਬਾਕੀ ਸਾਰੇ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
