ਢਿੱਲੋਂ ਭਰਾਵਾਂ ਦੇ ਖ਼ੁਦਕੁਸ਼ੀ ਮਾਮਲੇ ’ਚ ਪੰਜਾਬ ਪੁਲਿਸ ਦੇ ਤਿੰਨ ਅਧਿਕਾਰੀਆਂ ਨੂੰ ਵੱਡੀ ਰਾਹਤ
Relief to Punjab Police officers in Dhillon brother case: ਕਪੂਰਥਲਾ: ਸਾਲ 2023 ਵਿੱਚ ਮਾਨਵਜੀਤ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਛੋਟੇ ਭਰਾ ਜਸ਼ਨਬੀਰ ਸਿੰਘ ਢਿੱਲੋਂ ਦੇ ਖ਼ੁਦਕੁਸ਼ੀ ਮਾਮਲੇ ਵਿੱਚ ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਜੱਜ ਅਦਾਲਤ ਨੇ ਪੰਜਾਬ ਪੁਲਸ ਦੇ ਤਿੰਨ ਅਧਿਕਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਐੱਸਐੱਚਓ ਨਵਦੀਪ ਸਿੰਘ, ਐੱਸਆਈ ਬਲਵਿੰਦਰ ਕੁਮਾਰ ਅਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਨੂੰ ਕੇਸ ਵਿੱਚੋਂ ਡਿਸਚਾਰਜ ਕਰਨ ਦਾ ਹੁਕਮ ਦਿੱਤਾ ਹੈ। ਇਹ ਮਾਮਲਾ ਢਿੱਲੋਂ ਭਰਾਵਾਂ ਵੱਲੋਂ ਕਥਿਤ ਤੌਰ ’ਤੇ ਕੀਤੀ ਗਈ ਖ਼ੁਦਕੁਸ਼ੀ ਨਾਲ ਸਬੰਧਤ ਸੀ। ਇਸ ਮਾਮਲੇ ਵਿੱਚ ਉਸ ਸਮੇਂ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਾਇਨਾਤ ਇਨ੍ਹਾਂ ਤਿੰਨਾਂ ਪੁਲਸ ਮੁਲਾਜ਼ਮਾਂ ਖ਼ਿਲਾਫ਼ ਧਾਰਾ 306, 506 ਅਤੇ 34 IPC ਤਹਿਤ ਕੇਸ ਦਰਜ ਕੀਤਾ ਗਿਆ ਸੀ।
ਪੁਲਿਸ ਅਧਿਕਾਰੀਆਂ ’ਤੇ ਲੱਗੇ ਸਨ ਮਾਨਸਿਕ ਪ੍ਰੇਸ਼ਾਨੀ ਦੇ ਦੋਸ਼
ਦੋਸ਼ ਲਾਇਆ ਗਿਆ ਸੀ ਕਿ ਢਿੱਲੋਂ ਭਰਾਵਾਂ ਨੂੰ ਥਾਣਾ ਡਿਵੀਜ਼ਨ ਨੰਬਰ 1 ਵਿੱਚ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਸੀ। ਇਸ ਤੋਂ ਅਗਲੇ ਦਿਨ ਦੋਵਾਂ ਵੱਲੋਂ ਗੋਇੰਦਵਾਲ ਪੁਲ ਨੇੜੇ ਬਿਆਸ ਦਰਿਆ ਵਿੱਚ ਛਾਲ ਮਾਰ ਕੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰਨ ਦੀ ਗੱਲ ਸਾਹਮਣੇ ਆਈ ਸੀ। ਜਸ਼ਨਬੀਰ ਸਿੰਘ ਦੀ ਲਾਸ਼ ਕਰੀਬ 15 ਦਿਨ ਬਾਅਦ ਮੰਡ ਇਲਾਕੇ ਵਿੱਚੋਂ ਬਰਾਮਦ ਹੋਈ ਸੀ, ਜਦਕਿ ਮਾਨਵਜੀਤ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਸਕੀ। ਇਸ ਕਾਰਨ ਮਾਮਲੇ ਦੀ ਜਾਂਚ ਨੂੰ ਲੈ ਕੇ ਕਈ ਸਵਾਲ ਵੀ ਉੱਠੇ ਸਨ। ਅਦਾਲਤੀ ਰਿਕਾਰਡ ਅਨੁਸਾਰ ਜਸ਼ਨਬੀਰ ਦੀ ਲਾਸ਼ ਨਾਲ ਸਬੰਧਤ ਡੀਐੱਨਏ ਸੈਂਪਲ ਖ਼ਰਾਬ ਹੋਣ ਕਾਰਨ ਰਿਪੋਰਟ ਨੂੰ ਲੈ ਕੇ ਵੀ ਸਵਾਲ ਮੌਜੂਦ ਸਨ।
ਪੁਲਿਸ ਵਿਭਾਗ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਅਦਾਲਤ ਦਾ ਰੁਖ
ਮਾਮਲੇ ਵਿੱਚ ਨਾਮਜ਼ਦ ਤਿੰਨਾਂ ਪੁਲਸ ਮੁਲਾਜ਼ਮਾਂ ਨੇ ਸ਼ੁਰੂ ਤੋਂ ਹੀ ਦੋਸ਼ਾਂ ਨੂੰ ਗਲਤ ਦੱਸਿਆ ਸੀ। ਇੰਸਪੈਕਟਰ ਨਵਦੀਪ ਸਿੰਘ ਵੱਲੋਂ ਉੱਚ ਅਧਿਕਾਰੀਆਂ ਕੋਲ ਵੀ ਮਾਮਲੇ ਦੀ ਉਚਿਤ ਜਾਂਚ ਦੀ ਮੰਗ ਕੀਤੀ ਗਈ ਸੀ। ਹਾਲਾਂਕਿ, ਪੁਲਸ ਵਿਭਾਗ ਵੱਲੋਂ ਰਾਹਤ ਨਾ ਮਿਲਣ ਤੋਂ ਬਾਅਦ ਤਿੰਨਾਂ ਨੇ ਅਦਾਲਤ ਦਾ ਰੁਖ ਕੀਤਾ ਅਤੇ ਕੇਸ ਵਿੱਚੋਂ ਡਿਸਚਾਰਜ ਕਰਨ ਦੀ ਮੰਗ ਕੀਤੀ।
ਅਦਾਲਤ ਨੇ ਕਿਹਾ—ਖ਼ੁਦਕੁਸ਼ੀ ਲਈ ਉਕਸਾਉਣ ਦਾ ਅਪਰਾਧ ਨਹੀਂ ਬਣਦਾ
ਮਾਮਲੇ ਦੇ ਰਿਕਾਰਡ ਅਤੇ ਉਪਲਬਧ ਸਬੂਤਾਂ ਦੀ ਜਾਂਚ ਤੋਂ ਬਾਅਦ ਕਪੂਰਥਲਾ ਦੀ ਐਡੀਸ਼ਨਲ ਸੈਸ਼ਨ ਜੱਜ ਅਦਾਲਤ ਨੇ ਮੰਨਿਆ ਕਿ ਮੌਜੂਦਾ ਰਿਕਾਰਡ ਦੇ ਆਧਾਰ ’ਤੇ ਖ਼ੁਦਕੁਸ਼ੀ ਲਈ ਉਕਸਾਉਣ ਦਾ ਅਪਰਾਧ ਨਹੀਂ ਬਣਦਾ। ਇਸ ਆਧਾਰ ’ਤੇ ਅਦਾਲਤ ਨੇ ਨਵਦੀਪ ਸਿੰਘ, ਬਲਵਿੰਦਰ ਕੁਮਾਰ ਅਤੇ ਕਾਂਸਟੇਬਲ ਜਗਜੀਤ ਕੌਰ ਨੂੰ ਕੇਸ ਤੋਂ ਡਿਸਚਾਰਜ ਕਰ ਦਿੱਤਾ। ਅਦਾਲਤ ਦੇ ਇਸ ਫੈਸਲੇ ਨਾਲ ਮਾਮਲੇ ਵਿੱਚ ਨਾਮਜ਼ਦ ਤਿੰਨਾਂ ਪੁਲਸ ਮੁਲਾਜ਼ਮਾਂ ਨੂੰ ਵੱਡੀ ਕਾਨੂੰਨੀ ਰਾਹਤ ਮਿਲੀ ਹੈ।
