ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ‘ਚ ਵਾਧਾ
- ਹਿੰਦੂ ਭਾਈਚਾਰੇ ਖ਼ਿਲਾਫ਼ ਵੀ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਵਿੱਚ ਕਰੀਬ 12% ਵਾਧਾ
Hate crimes rise against Sikhs in America: ਨਵੀਂ ਦਿੱਲੀ: ਅਮਰੀਕਾ ਵਿੱਚ ਕੁੱਲ ਨਫ਼ਰਤੀ ਅਪਰਾਧਾਂ ਵਿੱਚ ਕਮੀ ਆਉਣ ਦੇ ਬਾਵਜੂਦ ਸਿੱਖ ਅਤੇ ਹਿੰਦੂ ਭਾਈਚਾਰਿਆਂ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਐੱਫਬੀਆਈ ਦੇ 2025 ਦੇ ਅੰਕੜਿਆਂ ਮੁਤਾਬਕ ਅਮਰੀਕਾ ਵਿੱਚ ਕੁੱਲ ਨਫ਼ਰਤੀ ਅਪਰਾਧਾਂ ਵਿੱਚ ਕਰੀਬ 7 ਫ਼ੀਸਦੀ ਦੀ ਕਮੀ ਆਈ, ਪਰ ਸਿੱਖ ਭਾਈਚਾਰੇ ਖ਼ਿਲਾਫ਼ ਦਰਜ ਅਪਰਾਧਾਂ ਵਿੱਚ 24.6 ਫ਼ੀਸਦੀ ਦਾ ਵਾਧਾ ਹੋਇਆ ਹੈ। ਅੰਕੜਿਆਂ ਅਨੁਸਾਰ 2025 ਵਿੱਚ ਸਿੱਖ ਵਿਰੋਧੀ ਪੱਖਪਾਤ ਨਾਲ ਜੁੜੇ 189 ਨਫ਼ਰਤੀ ਅਪਰਾਧ ਦਰਜ ਕੀਤੇ ਗਏ। ਇਸੇ ਤਰ੍ਹਾਂ ਹਿੰਦੂ ਭਾਈਚਾਰੇ ਖ਼ਿਲਾਫ਼ ਨਫ਼ਰਤ ਤੋਂ ਪ੍ਰੇਰਿਤ ਅਪਰਾਧਾਂ ਵਿੱਚ ਵੀ ਕਰੀਬ 12 ਫ਼ੀਸਦੀ ਵਾਧਾ ਹੋਇਆ ਅਤੇ ਅਜਿਹੇ 32 ਮਾਮਲੇ ਸਾਹਮਣੇ ਆਏ।
10 ਸਾਲਾਂ ਵਿੱਚ ਸਿੱਖ ਵਿਰੋਧੀ ਅਪਰਾਧਾਂ ਵਿੱਚ ਵੱਡਾ ਵਾਧਾ
2015 ਤੋਂ 2025 ਦਰਮਿਆਨ ਅਮਰੀਕਾ ਵਿੱਚ ਸਿੱਖਾਂ ਖ਼ਿਲਾਫ਼ ਦਰਜ ਨਫ਼ਰਤੀ ਅਪਰਾਧਾਂ ਵਿੱਚ ਲਗਭਗ 3700 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। 2015 ਵਿੱਚ ਅਜਿਹੇ ਸਿਰਫ਼ 6 ਮਾਮਲੇ ਦਰਜ ਹੋਏ ਸਨ, ਜਦਕਿ 2025 ਵਿੱਚ ਇਹ ਗਿਣਤੀ ਕਰੀਬ 200 ਤੱਕ ਪਹੁੰਚ ਗਈ। ਹਾਲਾਂਕਿ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਰਕਾਰੀ ਅੰਕੜੇ ਅਸਲ ਸਥਿਤੀ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੇ। ਉਨ੍ਹਾਂ ਮੁਤਾਬਕ ਨਫ਼ਰਤ ਅਤੇ ਭੇਦਭਾਵ ਦੀਆਂ ਕਈ ਘਟਨਾਵਾਂ ਪੁਲਿਸ ਤੱਕ ਰਿਪੋਰਟ ਹੀ ਨਹੀਂ ਹੁੰਦੀਆਂ।
ਪਗੜੀ-ਦਾੜ੍ਹੀ ਕਾਰਨ ਗਲਤ ਪਛਾਣ ਵੀ ਵੱਡਾ ਕਾਰਨ
ਸਿੱਖ ਜਥੇਬੰਦੀਆਂ ਅਤੇ ਏਸ਼ੀਅਨ-ਅਮਰੀਕੀ ਭਾਈਚਾਰੇ ਨਾਲ ਜੁੜੀਆਂ ਸੰਸਥਾਵਾਂ ਮੁਤਾਬਕ ਸਿੱਖਾਂ ਖ਼ਿਲਾਫ਼ ਵਧ ਰਹੀਆਂ ਘਟਨਾਵਾਂ ਪਿੱਛੇ ਕਈ ਕਾਰਨ ਹਨ। ਇਨ੍ਹਾਂ ਵਿੱਚ ਪ੍ਰਵਾਸੀਆਂ ਖ਼ਿਲਾਫ਼ ਵਧ ਰਹੀ ਰਾਜਨੀਤਿਕ ਅਤੇ ਸਮਾਜਿਕ ਬਿਆਨਬਾਜ਼ੀ, ਸਿੱਖ ਧਰਮ ਬਾਰੇ ਜਾਣਕਾਰੀ ਦੀ ਘਾਟ ਅਤੇ ਪਗੜੀ ਤੇ ਦਾੜ੍ਹੀ ਕਾਰਨ ਸਿੱਖਾਂ ਦੀ ਗਲਤ ਪਛਾਣ ਮੁੱਖ ਕਾਰਨਾਂ ਵਿੱਚ ਸ਼ਾਮਲ ਹਨ। ਕਈ ਵਾਰ ਧਾਰਮਿਕ ਪਛਾਣ ਕਾਰਨ ਸਿੱਖਾਂ ਨੂੰ ਕਿਸੇ ਹੋਰ ਭਾਈਚਾਰੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਜਿਸ ਕਾਰਨ ਉਹ ਨਫ਼ਰਤ ਦਾ ਨਿਸ਼ਾਨਾ ਬਣ ਜਾਂਦੇ ਹਨ।
ਬ੍ਰਿਟੇਨ ਸਮੇਤ ਹੋਰ ਪੱਛਮੀ ਦੇਸ਼ਾਂ ਵਿੱਚ ਵੀ ਭੇਦਭਾਵ
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਨਸਲੀ ਭੇਦਭਾਵ ਅਤੇ ਧਾਰਮਿਕ ਪਛਾਣ ਦੇ ਆਧਾਰ ’ਤੇ ਹਮਲਿਆਂ ਦੀ ਸਮੱਸਿਆ ਸਿਰਫ਼ ਅਮਰੀਕਾ ਤੱਕ ਸੀਮਿਤ ਨਹੀਂ ਹੈ। ਬ੍ਰਿਟੇਨ ਸਮੇਤ ਕਈ ਪੱਛਮੀ ਦੇਸ਼ਾਂ ਵਿੱਚ ਵੀ ਸਿੱਖ ਭਾਈਚਾਰੇ ਨੂੰ ਨਸਲੀ ਟਿੱਪਣੀਆਂ, ਧਾਰਮਿਕ ਪਛਾਣ ਕਾਰਨ ਭੇਦਭਾਵ ਅਤੇ ਹਿੰਸਕ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇਬੰਦੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਮਾਮਲਿਆਂ ਵਿੱਚ ਧਾਰਮਿਕ ਜਾਂ ਨਸਲੀ ਪੱਖਪਾਤ ਦੇ ਸੰਕੇਤ ਮਿਲਣ, ਉਨ੍ਹਾਂ ਦੀ ਆਮ ਅਪਰਾਧ ਦੇ ਨਾਲ-ਨਾਲ ਨਫ਼ਰਤੀ ਅਪਰਾਧ ਦੇ ਪੱਖੋਂ ਵੀ ਗੰਭੀਰ ਜਾਂਚ ਕੀਤੀ ਜਾਵੇ।
