ਕੈਨੇਡਾ ਦੇ ਟੋਰਾਂਟੋ ਏਅਰਪੋਰਟ ’ਤੇ ਭਾਰਤੀ ਨੌਜਵਾਨ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ
Indian youth arrested at Toronto airport: ਟੋਰਾਂਟੋ: ਅਮਰੀਕਾ ਵਿੱਚ ਬਜ਼ੁਰਗਾਂ ਨੂੰ ਕਥਿਤ ਤੌਰ ’ਤੇ ਨਿਸ਼ਾਨਾ ਬਣਾਕੇ ਕਰੋੜਾਂ ਡਾਲਰ ਦੀ ਠੱਗੀ ਕਰਨ ਦੇ ਮਾਮਲੇ ਵਿੱਚ ਇੱਕ ਭਾਰਤੀ ਨੌਜਵਾਨ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਜਰਾਤ ਨਾਲ ਸਬੰਧਤ 21 ਸਾਲਾ ਜੈ ਸੁਨੀਲਭਾਰਤੀ ਗੋਸਵਾਮੀ ਨਿਊਜਰਸੀ ਦੇ ਜਰਸੀ ਸਿਟੀ ਵਿੱਚ ਰਹਿ ਰਿਹਾ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਗੋਸਵਾਮੀ ’ਤੇ ਵਾਇਰ ਫਰਾਡ, ਧੋਖਾਧੜੀ ਦੀ ਸਾਜ਼ਿਸ਼, ਮਨੀ ਲਾਂਡਰਿੰਗ ਅਤੇ ਮਨੀ ਲਾਂਡਰਿੰਗ ਦੀ ਸਾਜ਼ਿਸ਼ ਸਮੇਤ ਕਈ ਗੰਭੀਰ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿੱਚ ਦੋਸ਼ ਸਾਬਤ ਹੋਣ ’ਤੇ ਵੱਧ ਤੋਂ ਵੱਧ 20 ਸਾਲ ਤੱਕ ਦੀ ਕੈਦ ਹੋ ਸਕਦੀ ਹੈ।
ਅਮਰੀਕਾ ਤੋਂ ਰਿਹਾਅ ਹੋਣ ਮਗਰੋਂ ਕੈਨੇਡਾ ਪਹੁੰਚਿਆ
ਜਾਣਕਾਰੀ ਮੁਤਾਬਕ ਗੋਸਵਾਮੀ ਨੂੰ 17 ਅਗਸਤ ਨੂੰ ਅਮਰੀਕੀ ਮੈਜਿਸਟ੍ਰੇਟ ਜੱਜ ਮਾਰਕ ਪੀਟਰਸਨ ਦੇ ਸਾਹਮਣੇ ਪੇਸ਼ ਕੀਤਾ ਗਿਆ ਸੀ, ਜਿੱਥੇ ਉਸ ਨੂੰ ਕੁਝ ਸ਼ਰਤਾਂ ਤਹਿਤ ਰਿਹਾਅ ਕਰ ਦਿੱਤਾ ਗਿਆ। ਦੋਸ਼ ਹੈ ਕਿ ਰਿਹਾਈ ਤੋਂ ਅਗਲੇ ਹੀ ਦਿਨ ਉਹ ਅਮਰੀਕਾ ਤੋਂ ਕੈਨੇਡਾ ਚਲਾ ਗਿਆ। ਜਾਂਚ ਦੌਰਾਨ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਉਸ ਨੇ ਟੋਰਾਂਟੋ ਤੋਂ ਦੋਹਾ ਜਾਣ ਲਈ 18 ਅਗਸਤ ਦੀ ਸ਼ਾਮ ਦੀ ਫਲਾਈਟ ਦੀ ਟਿਕਟ ਬੁੱਕ ਕੀਤੀ ਹੋਈ ਸੀ।
ਦੋਹਾ ਜਾਣ ਤੋਂ ਪਹਿਲਾਂ ਟੋਰਾਂਟੋ ਏਅਰਪੋਰਟ ’ਤੇ ਕਾਬੂ
ਅਮਰੀਕੀ ਅਧਿਕਾਰੀਆਂ ਦੀ ਬੇਨਤੀ ’ਤੇ ਕੈਨੇਡਾਈ ਏਜੰਸੀਆਂ ਨੇ ਕਾਰਵਾਈ ਕਰਦਿਆਂ ਗੋਸਵਾਮੀ ਨੂੰ ਟੋਰਾਂਟੋ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਬਾਅਦ 20 ਅਗਸਤ ਨੂੰ ਉਸ ਦੀ ਗ੍ਰਿਫ਼ਤਾਰੀ ਕੀਤੀ ਗਈ। ਅਮਰੀਕੀ ਅਟਾਰਨੀ ਮਾਈਕਲ ਡਿਗਿਆਕੋਮੋ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਸਵਾਮੀ ਖ਼ਿਲਾਫ਼ ਕਥਿਤ ਵਿੱਤੀ ਧੋਖਾਧੜੀ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਨੂੰ ਘੁਮਾਉਣ ਨਾਲ ਸਬੰਧਤ ਦੋਸ਼ ਹਨ। ਫਿਲਹਾਲ ਮਾਮਲੇ ਵਿੱਚ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ। ਦੋਸ਼ ਅਦਾਲਤ ਵਿੱਚ ਸਾਬਤ ਹੋਣ ਤੱਕ ਮੁਲਜ਼ਮ ਨੂੰ ਕਾਨੂੰਨ ਮੁਤਾਬਕ ਬੇਕਸੂਰ ਮੰਨਿਆ ਜਾਂਦਾ ਹੈ।
