ਬਠਿੰਡਾ ‘ਚ ਵੱਡੀ ਵਾਰਦਾਤ, ਨਿੱਜੀ ਬੱਸ ਕੰਡਕਟਰ ਦਾ ਤੇਜ਼ਧਾਰ ਹਥਿਆਰ ਨਾਲ ਕਤਲ, CCTV ’ਚ ਦਿਖੇ 2 ਸ਼ੱਕੀ
Bathinda Bus Conductor Murder; ਬਠਿੰਡਾ ਬੱਸ ਸਟੈਂਡ ਦੇ ਪਿੱਛੇ ਇੱਕ ਨਿੱਜੀ ਬੱਸ ਕੰਡਕਟਰ ਦੀ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਚੁੱਘੇ ਕਲਾਂ ਵਾਸੀ ਬਲਜਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸੋਮਵਾਰ ਸਵੇਰੇ ਕੋਤਵਾਲੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਬੱਸ ਡਰਾਈਵਰ ਨੇ ਦੱਸੀ ਪੂਰੀ ਘਟਨਾ
ਬੱਸ ਡਰਾਈਵਰ ਇਕਬਾਲ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ ਉਨ੍ਹਾਂ ਦੀ ਬੱਸ ਵਿੱਚ ਕੰਡਕਟਰ ਦਾ ਕੰਮ ਕਰਦਾ ਸੀ। ਐਤਵਾਰ ਸ਼ਾਮ ਕਰੀਬ 7:30 ਵਜੇ ਉਨ੍ਹਾਂ ਨੇ ਬੱਸ ਸਟੈਂਡ ’ਤੇ ਬੱਸ ਖੜ੍ਹੀ ਕੀਤੀ ਅਤੇ ਦੋਵੇਂ ਆਪਣੇ-ਆਪਣੇ ਪਿੰਡਾਂ ਵੱਲ ਚਲੇ ਗਏ।
ਕੁਝ ਸਮੇਂ ਬਾਅਦ ਕਰੀਬ 7:45 ਵਜੇ ਇਕਬਾਲ ਸਿੰਘ ਨੂੰ ਫੋਨ ਆਇਆ ਕਿ ਉਨ੍ਹਾਂ ਦਾ ਕੰਡਕਟਰ ਬੱਸ ਸਟੈਂਡ ਦੇ ਪਿੱਛੇ ਇੱਕ ਟੋਏ ਨੇੜੇ ਜ਼ਖਮੀ ਹਾਲਤ ਵਿੱਚ ਪਿਆ ਹੈ।
CCTV ’ਚ ਦਿਖੇ 2 ਸ਼ੱਕੀ
ਇਕਬਾਲ ਸਿੰਘ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਪਹੁੰਚੇ ਅਤੇ ਬਲਜਿੰਦਰ ਸਿੰਘ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲੈ ਗਏ। ਪਰ ਹਸਪਤਾਲ ਪਹੁੰਚਣ ’ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਬੱਸ ਡਰਾਈਵਰ ਮੁਤਾਬਕ CCTV ਫੁਟੇਜ ਵਿੱਚ ਦੋ ਸ਼ੱਕੀ ਵਿਅਕਤੀ ਨਜ਼ਰ ਆ ਰਹੇ ਹਨ। ਦੋਸ਼ ਹੈ ਕਿ ਦੋਵਾਂ ਨੇ ਬਲਜਿੰਦਰ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਅਤੇ ਮੌਕੇ ਤੋਂ ਫਰਾਰ ਹੋ ਗਏ।
ਪੁਲਿਸ ਨੇ ਜਾਂਚ ਕੀਤੀ ਸ਼ੁਰੂ
ਕੋਤਵਾਲੀ ਥਾਣੇ ਦੇ SHO ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮਾਂ ਦੀ ਪਛਾਣ ਲਈ ਆਲੇ-ਦੁਆਲੇ ਲੱਗੇ CCTV ਕੈਮਰਿਆਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
