Kanpur Plane Crash: ਕਾਨਪੁਰ ’ਚ ਟ੍ਰੇਨਿੰਗ ਜਹਾਜ਼ ਕਰੈਸ਼, ਦੋਵੇਂ ਪਾਇਲਟਾਂ ਦੀ ਮੌਤ
Kanpur Plane Crash: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੀਰਵਾਰ ਨੂੰ ਇੱਕ ਟ੍ਰੇਨਿੰਗ ਏਅਰਕ੍ਰਾਫਟ ਹਾਦਸੇ ਦਾ ਸ਼ਿਕਾਰ ਹੋ ਗਿਆ। ਗੰਗਾ ਬੈਰਾਜ ਇਲਾਕੇ ਵਿੱਚ ਟ੍ਰੇਨਿੰਗ ਦੌਰਾਨ ਹੋਏ ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਇੰਸਟ੍ਰਕਟਰ ਅਤੇ ਟ੍ਰੇਨੀ ਪਾਇਲਟ ਦੀ ਮੌਤ ਹੋ ਗਈ।
ਕਾਨਪੁਰ ਪੁਲਿਸ ਕਮਿਸ਼ਨਰ ਰਘੁਵੀਰ ਲਾਲ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਹਾਜ਼ ਵਿੱਚ ਇੰਸਟ੍ਰਕਟਰ ਸਚਿਨ ਭਾਟੀਆ ਅਤੇ ਟ੍ਰੇਨੀ ਪਾਇਲਟ ਅਭਿਸ਼ੇਕ ਪੁਜਾਰੀ ਸਵਾਰ ਸਨ। ਸਚਿਨ ਭਾਟੀਆ ਗੁਜਰਾਤ ਦੇ ਰਹਿਣ ਵਾਲੇ ਸਨ, ਜਦਕਿ ਅਭਿਸ਼ੇਕ ਪੁਜਾਰੀ ਕਰਨਾਟਕ ਨਾਲ ਸਬੰਧਤ ਸਨ।
ਪੁਲਿਸ ਕਮਿਸ਼ਨਰ ਮੁਤਾਬਕ ਥਾਣਾ ਗਵਾਲਟੋਲੀ ਅਧੀਨ ਨੱਥਾਪੁਰਵਾ ਪਿੰਡ ਦੇ ਬਾਹਰੀ ਇਲਾਕੇ ਵਿੱਚ ਗਰਗ ਐਵੀਏਸ਼ਨ ਟ੍ਰੇਨਿੰਗ ਸੈਂਟਰ ਤੋਂ ਟੇਕਆਫ ਕੀਤਾ ਗਿਆ ਟੇਕਨਮ ਏਅਰਕ੍ਰਾਫਟ (4 ਸੀਟਰ ਡਿਊਲ ਇੰਜਣ ਜਹਾਜ਼) ਕਰੀਬ ਸਵੇਰੇ 11:30 ਵਜੇ ਉਡਿਆ ਸੀ। ਲਗਭਗ 20 ਮਿੰਟ ਬਾਅਦ 11:50 ਵਜੇ ਇਹ ਹਾਦਸਾਗ੍ਰਸਤ ਹੋ ਗਿਆ।
ਹਾਦਸੇ ਤੋਂ ਬਾਅਦ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਸੁਰੱਖਿਅਤ ਕੀਤਾ ਅਤੇ ਜ਼ਰੂਰੀ ਕਾਰਵਾਈ ਸ਼ੁਰੂ ਕੀਤੀ। ਇਸ ਦੀ ਜਾਣਕਾਰੀ ਡੀਜੀਸੀਏ (DGCA) ਨੂੰ ਵੀ ਦੇ ਦਿੱਤੀ ਗਈ ਹੈ।
ਇਲਾਕੇ ’ਚ ਮਚੀ ਹਫੜਾ-ਦਫੜੀ
ਜਿਵੇਂ ਹੀ ਆਸਮਾਨ ਤੋਂ ਜਹਾਜ਼ ਡਿੱਗਣ ਦੀ ਖ਼ਬਰ ਮਿਲੀ, ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ।
ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਨਵਾਬਗੰਜ ਥਾਣੇ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਤੁਰੰਤ ਮਲਬੇ ਵਿੱਚੋਂ ਦੋਵੇਂ ਪਾਇਲਟਾਂ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
DGCA ਨੇ AAIB ਨੂੰ ਸੌਂਪੀ ਜਾਂਚ
ਡੀਜੀਸੀਏ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਕਿ P2006T ਮਾਡਲ ਦਾ ਦੋ ਇੰਜਣ ਵਾਲਾ ਜਹਾਜ਼ ਕਾਨਪੁਰ ਦੇ ਨੇੜੇ ਗੰਗਾ ਬੈਰਾਜ ਕੋਲ ਕਰੈਸ਼ ਹੋਇਆ ਹੈ।
ਡੀਜੀਸੀਏ ਨੇ ਦੱਸਿਆ ਕਿ ਇਹ ਗਰਗ ਐਵੀਏਸ਼ਨ ਲਿਮਟਿਡ ਦਾ ਜਹਾਜ਼ ਸੀ, ਜੋ ਕਾਨਪੁਰ ਸਿਵਲ ਏਅਰਪੋਰਟ ਖੇਤਰ ਤੋਂ ਟ੍ਰੇਨਿੰਗ ਉਡਾਣ ’ਤੇ ਸੀ। ਇਸ ਵਿੱਚ ਟ੍ਰੇਨੀ ਪਾਇਲਟ ਅਤੇ ਇੰਸਟ੍ਰਕਟਰ ਮੌਜੂਦ ਸਨ।
ਹਾਦਸੇ ਦੀ ਜਾਂਚ ਲਈ ਡੀਜੀਸੀਏ ਨੇ ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (AAIB) ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਹੈ। ਜਾਂਚ ਤੋਂ ਬਾਅਦ ਹੀ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ।
