ਬਾਬਾ ਬਕਾਲਾ ਸਾਹਿਬ ‘ਚ ਅੱਜ ਸਿਆਸੀ ਮਹਾਂਕੁੰਭ! 4 ਪਾਰਟੀਆਂ ਦੇ ਵੱਖ-ਵੱਖ ਮੰਚਾਂ ਤੋਂ ਸ਼ਕਤੀ ਪ੍ਰਦਰਸ਼ਨ, 2027 ਚੋਣਾਂ ਦਾ ਬਣਿਆ ‘ਲਾਂਚਿੰਗ ਪੈਡ’
Political Mahakumbh today at Baba Bakala Sahib: ਬਾਬਾ ਬਕਾਲਾ ਸਾਹਿਬ: ਰੱਖੜ ਪੁੰਨਿਆ ਦੇ ਜੋੜ ਮੇਲੇ ਮੌਕੇ ਇਸ ਵਾਰ ਬਾਬਾ ਬਕਾਲਾ ਸਾਹਿਬ ਵਿੱਚ ਵੱਡਾ ਸਿਆਸੀ ਘਮਾਸਾਨ ਵੇਖਣ ਨੂੰ ਮਿਲੇਗਾ। ਸੱਤਾਧਾਰੀ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਨਾਲ-ਨਾਲ ਇਸ ਵਾਰ ਭਾਜਪਾ ਵੀ ਆਪਣੀ ਪੂਰੀ ਸਿਆਸੀ ਤਾਕਤ ਝੋਕਣ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਭਾਜਪਾ ਇਤਿਹਾਸ ਵਿੱਚ ਪਹਿਲੀ ਵਾਰ ਇਸ ਮੇਲੇ ਵਿੱਚ ਆਪਣਾ ਵੱਖਰਾ ਅਤੇ ਸੁਤੰਤਰ ਸਿਆਸੀ ਮੰਚ ਸਜਾਉਣ ਜਾ ਰਹੀ ਹੈ। ਚਾਰਾਂ ਪ੍ਰਮੁੱਖ ਪਾਰਟੀਆਂ ਵੱਲੋਂ ਵੱਖ-ਵੱਖ ਮੰਚਾਂ ਤੋਂ ਸਿਆਸੀ ਹੁੰਕਾਰ ਭਰਨ ਨਾਲ ਬਾਬਾ ਬਕਾਲਾ ਸਾਹਿਬ ਦਾ ਇਹ ਮੇਲਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੱਡੇ ‘ਲਾਂਚਿੰਗ ਪੈਡ’ ਵਜੋਂ ਉਭਰਿਆ ਹੈ।
ਆਪ ਦੀ ਵਿਸ਼ਾਲ ਰੈਲੀ, CM ਭਗਵੰਤ ਮਾਨ ਸੰਭਾਲਣਗੇ ਕਮਾਨ
ਸੱਤਾਧਾਰੀ ਆਮ ਆਦਮੀ ਪਾਰਟੀ ਬਾਬਾ ਬਕਾਲਾ ਸਾਹਿਬ ਵਿੱਚ ਇੱਕ ਵਿਸ਼ਾਲ ਰੈਲੀ ਕਰਨ ਜਾ ਰਹੀ ਹੈ, ਜਿਸ ਦੀ ਕਮਾਨ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਵਿੱਚ ਹੋਵੇਗੀ। CM ਮਾਨ ਦੇ ਨਾਲ ਪਾਰਟੀ ਦੀ ਸਮੁੱਚੀ ਸੂਬਾਈ ਲੀਡਰਸ਼ਿਪ, ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਮੌਜੂਦ ਰਹਿਣਗੇ। ਮੁੱਖ ਮੰਤਰੀ ਇਸ ਮੰਚ ਤੋਂ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਦੇ ਨਾਲ-ਨਾਲ ਵਿਰੋਧੀ ਪਾਰਟੀਆਂ, ਖਾਸ ਕਰਕੇ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ‘ਤੇ ਤਿੱਖੇ ਸਿਆਸੀ ਹਮਲੇ ਕਰ ਸਕਦੇ ਹਨ।
ਸੁਖਬੀਰ ਬਾਦਲ ਕਰਨਗੇ ਅਕਾਲੀ ਦਲ ਦੀ ਅਗਵਾਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਵੱਖਰੀ ਸਿਆਸੀ ਕਾਨਫਰੰਸ ਰਾਹੀਂ ਤਾਕਤ ਦਾ ਪ੍ਰਦਰਸ਼ਨ ਕਰਨਗੇ। ਇਸ ਮੌਕੇ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਦੇ ਵੀ ਬਾਬਾ ਬਕਾਲਾ ਸਾਹਿਬ ਵਿੱਚ ਇਕੱਠੇ ਹੋਣ ਦੀ ਉਮੀਦ ਹੈ।
‘ਵਾਰਿਸ ਪੰਜਾਬ ਦੇ’ ਦੀ ਵੀ ਰੈਲੀ
ਇਸ ਤੋਂ ਇਲਾਵਾ ਸਰਬਜੀਤ ਸਿੰਘ ਖਾਲਸਾ, ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਨਾਲ ਜੁੜੇ ਹੋਰ ਪੰਥਕ ਆਗੂਆਂ ਦੇ ਵੀ ਮੌਜੂਦ ਰਹਿਣ ਦੀ ਸੰਭਾਵਨਾ ਹੈ।
ਭਾਜਪਾ ਦਾ ਪਹਿਲੀ ਵਾਰ ਵੱਖਰਾ ਮੰਚ
ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪਹਿਲੀ ਵਾਰ ਕਿਸੇ ਗਠਜੋੜ ਜਾਂ ਸਿਆਸੀ ਸਹਾਰੇ ਤੋਂ ਬਿਨਾਂ ਆਪਣੇ ਦਮ ‘ਤੇ ਸੁਤੰਤਰ ਸਿਆਸੀ ਕਾਨਫਰੰਸ ਕਰਨ ਦਾ ਫੈਸਲਾ ਕੀਤਾ ਹੈ। ਭਾਜਪਾ ਦੇ ਇਸ ਮੰਚ ‘ਤੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਰਗੇ ਵੱਡੇ ਆਗੂ ਸ਼ਾਮਲ ਹੋਣਗੇ। ਭਾਜਪਾ ਦੇ ਇਸ ਵੱਖਰੇ ਮੰਚ ਨੂੰ 2027 ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਆਪਣੀ ਸਿਆਸੀ ਤਾਕਤ ਦਿਖਾਉਣ ਦੀ ਵੱਡੀ ਕਵਾਇਦ ਵਜੋਂ ਵੇਖਿਆ ਜਾ ਰਿਹਾ ਹੈ।
ਕਾਂਗਰਸ ਦੀ ਵੀ ਸਿਆਸੀ ਕਾਨਫਰੰਸ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਵੀ ਬਾਬਾ ਬਕਾਲਾ ਸਾਹਿਬ ਵਿਖੇ ਮੌਜੂਦ ਰਹਿਣਗੇ। ਹੁਣ ਨਜ਼ਰ ਇਸ ਗੱਲ ‘ਤੇ ਰਹੇਗੀ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਿਹੜੇ ਵੱਡੇ ਆਗੂ ਮੰਚ ਸਾਂਝਾ ਕਰਦੇ ਹਨ।
ਕੁੱਲ ਮਿਲਾ ਕੇ, ਰੱਖੜ ਪੁੰਨਿਆ ਦਾ ਬਾਬਾ ਬਕਾਲਾ ਸਾਹਿਬ ਮੇਲਾ ਇਸ ਵਾਰ ਸਿਰਫ਼ ਧਾਰਮਿਕ ਅਤੇ ਸੱਭਿਆਚਾਰਕ ਮੇਲਾ ਨਹੀਂ, ਸਗੋਂ ਪੰਜਾਬ ਦੀ ਸਿਆਸਤ ਦਾ ਵੱਡਾ ਅਖਾੜਾ ਬਣ ਗਿਆ ਹੈ, ਜਿੱਥੇ ਚਾਰ ਪ੍ਰਮੁੱਖ ਪਾਰਟੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਪਣੀ-ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕਰਨਗੀਆਂ।
