ਅਖ਼ਬਾਰ ਵਿੱਚ ਰਾਮ ਰਹੀਮ ਦੇ ਹੱਕ ’ਚ ਪੇਡ ਇਸ਼ਤਿਹਾਰ ਦਾ ਮਾਮਲਾ ਸੁਪਰੀਮ ਕੋਰਟ ਪਹੁੰਚਿਆ
- ਵਕੀਲ ਹਾਕਮ ਸਿੰਘ ਨੇ CJI ਨੂੰ ਪੱਤਰ ਭੇਜ ਕੇ ਅਪਰਾਧਿਕ ਮਾਣਹਾਨੀ/ਅਵਮਾਨਨਾ ਦਾ ਨੋਟਿਸ ਲੈਣ ਦੀ ਮੰਗ ਕੀਤੀ
ਨਵੀਂ ਦਿੱਲੀ: ‘ਦ ਹਿੰਦੂ’ ਅਖ਼ਬਾਰ ਵਿੱਚ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਹੱਕ ਵਿੱਚ ਪ੍ਰਕਾਸ਼ਿਤ ਇੱਕ ਪੂਰੇ ਪੰਨੇ ਦੇ ਕਥਿਤ ਪੇਡ ਇਸ਼ਤਿਹਾਰ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸ਼ਿਕਾਇਤ ਕੀਤੀ ਗਈ ਹੈ। ਵਕੀਲ ਹਾਕਮ ਸਿੰਘ ਨੇ ਚੀਫ਼ ਜਸਟਿਸ ਆਫ਼ ਇੰਡੀਆ (CJI) ਨੂੰ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਅਦਾਲਤੀ ਅਵਮਾਨਨਾ ਦੀ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ।
12 ਸਤੰਬਰ ਦੇ ਇਸ਼ਤਿਹਾਰ ’ਤੇ ਸਵਾਲ
ਸ਼ਿਕਾਇਤ ਵਿੱਚ 12 ਸਤੰਬਰ ਨੂੰ ਪ੍ਰਕਾਸ਼ਿਤ ਕੀਤੇ ਗਏ ਪੂਰੇ ਪੰਨੇ ਦੇ ਇਸ਼ਤਿਹਾਰ ’ਤੇ ਗੰਭੀਰ ਸਵਾਲ ਉਠਾਏ ਗਏ ਹਨ। ਇਸ਼ਤਿਹਾਰ ਵਿੱਚ ਰਾਮ ਰਹੀਮ ਖ਼ਿਲਾਫ਼ ਕਥਿਤ ‘ਸਾਜ਼ਿਸ਼’ ਦਾ ਦਾਅਵਾ ਕੀਤੇ ਜਾਣ ’ਤੇ ਵੀ ਇਤਰਾਜ਼ ਜਤਾਇਆ ਗਿਆ ਹੈ। ਇਸ਼ਤਿਹਾਰ ਵਿੱਚ ਰਾਮ ਰਹੀਮ ਨੂੰ ਮਿਲੀ ਪੈਰੋਲ ਅਤੇ ਫਰਲੋ ਨੂੰ VIP ਟ੍ਰੀਟਮੈਂਟ ਨਾ ਦੱਸੇ ਜਾਣ ਦਾ ਦਾਅਵਾ ਵੀ ਕੀਤਾ ਗਿਆ ਹੈ।
ਅਦਾਲਤੀ ਫ਼ੈਸਲਿਆਂ ਦੀ ਭਰੋਸੇਯੋਗਤਾ ’ਤੇ ਸਵਾਲ ਚੁੱਕਣ ਦਾ ਦੋਸ਼
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਇਸ ਇਸ਼ਤਿਹਾਰ ਰਾਹੀਂ ਅਦਾਲਤਾਂ ਵੱਲੋਂ ਦਿੱਤੇ ਗਏ ਫ਼ੈਸਲਿਆਂ ਅਤੇ ਕਾਰਵਾਈ ਦੀ ਭਰੋਸੇਯੋਗਤਾ ’ਤੇ ਸਵਾਲ ਖੜ੍ਹੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਕੀਲ ਨੇ Contempt of Courts Act ਦੀ ਧਾਰਾ 2(c)(i) ਤਹਿਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਡੇਰਾ ਸੱਚਾ ਸੌਦਾ, ਇਸ਼ਤਿਹਾਰ ਦੇ ਲੇਖਕ ਅਤੇ ‘ਦ ਹਿੰਦੂ’ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਵੀ ਕੀਤੀ ਗਈ ਹੈ।
ਪ੍ਰੈੱਸ ਕੌਂਸਲ ਅਤੇ ਸਰਕਾਰ ਤੋਂ ਗਾਈਡਲਾਈਨਜ਼ ਦੀ ਮੰਗ
ਸ਼ਿਕਾਇਤ ਵਿੱਚ ਪ੍ਰੈੱਸ ਕੌਂਸਲ ਆਫ਼ ਇੰਡੀਆ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੂੰ ਅਜਿਹੇ ਇਸ਼ਤਿਹਾਰਾਂ ਸਬੰਧੀ ਸਪੱਸ਼ਟ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਮੰਗ ਵੀ ਕੀਤੀ ਗਈ ਹੈ। ਹਾਲਾਂਕਿ, ਇਸ ਮਾਮਲੇ ਵਿੱਚ ਅਦਾਲਤ ਵੱਲੋਂ ਕੋਈ ਕਾਰਵਾਈ ਜਾਂ ਨੋਟਿਸ ਜਾਰੀ ਕੀਤੇ ਜਾਣ ਬਾਰੇ ਅੰਤਿਮ ਫ਼ੈਸਲਾ ਅਜੇ ਸਾਹਮਣੇ ਨਹੀਂ ਆਇਆ ਹੈ।