ਫਿਰੌਤੀ ਗੈਂਗ ਖ਼ਿਲਾਫ਼ ਵੱਡੀ ਕਾਰਵਾਈ, ਪੁਲਿਸ Encounter ਮਗਰੋਂ 2 ਬਦਮਾਸ਼ ਕਾਬੂ
Fatehgarh Sahib Police Encounter; ਫਤਿਹਗੜ੍ਹ ਸਾਹਿਬ ਵਿੱਚ ਪੁਲਿਸ ਨੇ ਫਿਰੌਤੀ ਮੰਗਣ ਵਾਲੇ ਇੱਕ ਕਥਿਤ ਗੈਂਗ ਦੇ 2 ਮੁਲਜ਼ਮਾਂ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਖਮਾਣੋਂ ਇਲਾਕੇ ਵਿੱਚ ਹੋਈ, ਜਿਸ ਦੌਰਾਨ ਇੱਕ ਮੁਲਜ਼ਮ ਅਤੇ ਇੱਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਮੁਤਾਬਕ ਮੁਕਾਬਲੇ ਦੌਰਾਨ ਇੱਕ ਮੁਲਜ਼ਮ ਅਜੀਤ ਦੀ ਲੱਤ ਵਿੱਚ ਗੋਲੀ ਲੱਗੀ, ਜਦਕਿ ਦੂਜਾ ਮੁਲਜ਼ਮ ਅਮਨਪ੍ਰੀਤ ਸਿੰਘ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਦੌਰਾਨ ਜ਼ਖ਼ਮੀ ਹੋ ਗਿਆ। ਪੁਲਿਸ ਨੇ ਦੋਵਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਮੁਲਜ਼ਮਾਂ ਕੋਲੋਂ 12 ਬੋਰ ਦਾ ਦੇਸੀ ਕੱਟਾ ਬਰਾਮਦ ਹੋਣ ਦੀ ਗੱਲ ਕਹੀ ਗਈ ਹੈ।
ਪੁਲਿਸ ਨੂੰ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੂੰ ਧਮਕੀ ਭਰੇ ਫੋਨ ਕਰਕੇ ਫਿਰੌਤੀ ਮੰਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
13 ਸਤੰਬਰ ਨੂੰ ਦਰਜ ਹੋਈ ਸੀ FIR
SSP ਸ਼ੁਭਮ ਅਗਰਵਾਲ ਨੇ ਦੱਸਿਆ ਕਿ ਮਾਮਲੇ ਵਿੱਚ 13 ਸਤੰਬਰ ਨੂੰ FIR ਨੰਬਰ 218 ਦਰਜ ਕੀਤੀ ਗਈ ਸੀ। ਜਾਂਚ ਲਈ SP-D ਦੀ ਨਿਗਰਾਨੀ ਹੇਠ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਸਨ।
DSP ਖਮਾਣੋਂ ਦੀ ਅਗਵਾਈ ਹੇਠ SHO, CIA ਅਤੇ Technical Team ਵੱਲੋਂ ਜਾਂਚ ਕੀਤੀ ਗਈ। ਪੁਲਿਸ ਮੁਤਾਬਕ ਤਕਨੀਕੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਧਮਕੀ ਦੇਣ ਲਈ ਵਿਦੇਸ਼ੀ ਕੋਡ ਵਾਲੇ ਮੋਬਾਈਲ ਨੰਬਰ ਦੀ ਵਰਤੋਂ ਕੀਤੀ ਜਾ ਰਹੀ ਸੀ। ਇਸ ਦੇ ਆਧਾਰ ‘ਤੇ ਪੁਲਿਸ ਨੇ ਅਜੀਤ ਅਤੇ ਅਮਨਪ੍ਰੀਤ ਸਿੰਘ ਨੂੰ ਕਾਬੂ ਕੀਤਾ।
ਫੋਨ ‘ਤੇ ਧਮਕੀ ਦੇ ਕੇ ਮੰਗਦੇ ਸਨ ਫਿਰੌਤੀ
ਪੁਲਿਸ ਮੁਤਾਬਕ ਅਮਨਪ੍ਰੀਤ ਸਿੰਘ ਸਥਾਨਕ ਲੋਕਾਂ ਅਤੇ ਸ਼ਿਕਾਇਤਕਰਤਾਵਾਂ ਨਾਲ ਸਬੰਧਤ ਜਾਣਕਾਰੀ ਇਕੱਠੀ ਕਰਕੇ ਅਜੀਤ ਤੱਕ ਪਹੁੰਚਾਉਂਦਾ ਸੀ। ਇਸ ਤੋਂ ਬਾਅਦ ਅਜੀਤ ਕਥਿਤ ਤੌਰ ‘ਤੇ ਫੋਨ ਰਾਹੀਂ ਧਮਕੀਆਂ ਦੇ ਕੇ ਫਿਰੌਤੀ ਦੀ ਮੰਗ ਕਰਦਾ ਸੀ।
ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਹਥਿਆਰ ਦੀ ਬਰਾਮਦਗੀ ਲਈ ਉਨ੍ਹਾਂ ਨੂੰ ਪਿੰਡ ਸੰਘੋਲ ਸਥਿਤ ਇੱਕ ਭੱਠੇ ‘ਤੇ ਲੈ ਕੇ ਗਈ।
ਪੁਲਿਸ ਟੀਮ ‘ਤੇ ਫਾਇਰਿੰਗ ਦਾ ਦੋਸ਼
ਪੁਲਿਸ ਮੁਤਾਬਕ ASI ਨਾਜਰ ਸਿੰਘ ਦੀ ਟੀਮ ਭੱਠੇ ‘ਤੇ ਹਥਿਆਰ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਅਜੀਤ ਨੇ ਕਥਿਤ ਤੌਰ ‘ਤੇ ਉੱਥੇ ਲੁਕਾਇਆ ਹਥਿਆਰ ਕੱਢ ਕੇ ਪੁਲਿਸ ਟੀਮ ‘ਤੇ ਫਾਇਰਿੰਗ ਕਰ ਦਿੱਤੀ।
ਫਾਇਰਿੰਗ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇੱਕ ਪੁਲਿਸ ਮੁਲਾਜ਼ਮ ਡਿੱਗ ਕੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਵਿੱਚ ਅਜੀਤ ਦੀ ਲੱਤ ਵਿੱਚ ਗੋਲੀ ਲੱਗੀ। ਪੁਲਿਸ ਨੇ ਉਸ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।
ਹੁਣ ਪੁਲਿਸ ਦੋਵਾਂ ਮੁਲਜ਼ਮਾਂ ਦੇ ਸੰਪਰਕਾਂ, ਫਿਰੌਤੀ ਦੇ ਪੂਰੇ ਨੈੱਟਵਰਕ ਅਤੇ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।
