ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ 9 ਸਾਲ ਦੀ ਕੈਦ
- 124 ਕਿਲੋ ਕੋਕੀਨ ਤਸਕਰੀ ਮਾਮਲੇ ’ਚ ਦੋਸ਼ ਕਬੂਲਿਆ
- ਸਜ਼ਾ ਪੂਰੀ ਹੋਣ ਮਗਰੋਂ ਭਾਰਤ ਹੋਵੇਗਾ ਡਿਪੋਰਟ
Punjabi truck driver sentenced in US: ਅਮਰੀਕਾ: ਅਮਰੀਕਾ ਦੀ ਇੱਕ ਅਦਾਲਤ ਨੇ ਅੰਤਰਰਾਸ਼ਟਰੀ ਕੋਕੀਨ ਤਸਕਰੀ ਦੇ ਮਾਮਲੇ ਵਿੱਚ ਓਂਟਾਰੀਓ ਦੇ 58 ਸਾਲਾ ਟਰੱਕ ਡਰਾਈਵਰ ਇਕਬਾਲ ਸਿੰਘ ਵਿਰਕ ਨੂੰ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 2002 ਦੀਆਂ ਸਰਦ ਰੁੱਤ ਦੀਆਂ ਓਲੰਪਿਕ ਖੇਡਾਂ ਵਿੱਚ ਕੈਨੇਡਾ ਦੀ ਨੁਮਾਇੰਦਗੀ ਕਰ ਚੁੱਕੇ ਸਾਬਕਾ ਖਿਡਾਰੀ ਰਿਆਨ ਵੈਡਿੰਗ ਨਾਲ ਜੁੜੇ ਕਥਿਤ ਅੰਤਰਰਾਸ਼ਟਰੀ ਨਾਰਕੋ ਕਾਰਟੈਲ ਨਾਲ ਸਬੰਧਤ ਹੈ।
ਐੱਫਬੀਆਈ ਮੁਤਾਬਕ ਰਿਆਨ ਵੈਡਿੰਗ ਕੋਲੰਬੀਆ, ਮੈਕਸਿਕੋ ਅਤੇ ਅਮਰੀਕਾ ਰਾਹੀਂ ਕੈਨੇਡਾ ਤੱਕ ਕੋਕੀਨ ਦੀ ਸਪਲਾਈ ਲਾਈਨ ਚਲਾ ਰਿਹਾ ਸੀ। ਜਾਂਚ ਏਜੰਸੀ ਨੇ ਉਸ ਨੂੰ ‘ਅੱਜ ਦੇ ਦੌਰ ਦਾ ਪਾਬਲੋ ਐਸਕੋਬਾਰ’ ਵੀ ਕਿਹਾ ਹੈ।
ਅਦਾਲਤ ਵਿੱਚ ਇਕਬਾਲ ਸਿੰਘ ਵਿਰਕ ਨੇ ਮੰਨਿਆ ਕਿ ਉਹ ਆਪਣੇ ਟਰੱਕ ਰਾਹੀਂ ਓਂਟਾਰੀਓ ਤੋਂ ਕੈਲੀਫੋਰਨੀਆ ਤੱਕ ਕੋਕੀਨ ਦੀਆਂ ਖੇਪਾਂ ਪਹੁੰਚਾਉਂਦਾ ਸੀ। 28 ਅਗਸਤ 2024 ਨੂੰ ਵਿਰਕ ਅਤੇ ਉਸ ਦਾ ਸਾਥੀ ਰਣਜੀਤ ਸਿੰਘ ਰੋਵਾਲ ਅਮਰੀਕੀ ਕਸਟਮ ਪੋਸਟ ’ਤੇ ਪਹੁੰਚੇ ਤਾਂ ਐੱਫਬੀਆਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਜਾਂਚ ਦੌਰਾਨ ਟਰੱਕ ਦੇ ਇੱਕ ਗੁਪਤ ਚੈਂਬਰ ਵਿੱਚੋਂ 124 ਕਿਲੋ ਕੋਕੀਨ ਬਰਾਮਦ ਹੋਈ। ਇਸ ਦੀ ਬਾਜ਼ਾਰੀ ਕੀਮਤ ਕਰੀਬ 40 ਲੱਖ ਅਮਰੀਕੀ ਡਾਲਰ (ਲਗਭਗ 33 ਕਰੋੜ ਰੁਪਏ) ਦੱਸੀ ਗਈ ਹੈ। ਐੱਫਬੀਆਈ ਨੇ ਇਸ ਮਾਮਲੇ ਵਿੱਚ ਗੁਪਤ ਏਜੰਟਾਂ ਦੀ ਮਦਦ ਨਾਲ ਜਾਂਚ ਕੀਤੀ ਸੀ।
ਮੁੱਖ ਗਵਾਹ ਦੀ ਹੱਤਿਆ ਤੋਂ ਬਾਅਦ ਗੋਪਨੀਯਤਾ ਆਦੇਸ਼
ਮਾਮਲੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਅਮਰੀਕੀ ਜੱਜ ਸ਼ੇਰਿਲਿਨ ਪੀਸ ਗਾਰਨੇਟ ਨੇ ਅਦਾਲਤੀ ਦਸਤਾਵੇਜ਼ਾਂ ’ਤੇ ਸਖ਼ਤ ਪ੍ਰਾਈਵੇਸੀ ਆਦੇਸ਼ ਲਾਗੂ ਕੀਤਾ। ਇਸ ਦਾ ਇੱਕ ਮੁੱਖ ਕਾਰਨ ਇਹ ਦੱਸਿਆ ਗਿਆ ਕਿ ਅਮਰੀਕੀ ਸਰਕਾਰ ਨਾਲ ਸਹਿਯੋਗ ਕਰ ਰਹੇ ਇੱਕ ਮੁੱਖ ਗਵਾਹ ਦੀ ਪਹਿਲਾਂ ਹੀ ਹੱਤਿਆ ਹੋ ਚੁੱਕੀ ਸੀ।
ਸਜ਼ਾ ਪੂਰੀ ਹੋਣ ਮਗਰੋਂ ਭਾਰਤ ਡਿਪੋਰਟ ਹੋਵੇਗਾ ਵਿਰਕ
ਮਾਮਲੇ ਦੇ ਮੁੱਖ ਸਰਗਨਾ ਰਿਆਨ ਵੈਡਿੰਗ ਨੂੰ ਜਨਵਰੀ ਵਿੱਚ ਮੈਕਸਿਕੋ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਇਸ ਸਮੇਂ ਅਮਰੀਕੀ ਜੇਲ੍ਹ ਵਿੱਚ ਬੰਦ ਹੈ। ਇਕਬਾਲ ਸਿੰਘ ਵਿਰਕ ਨੂੰ ਇਸ ਮਾਮਲੇ ਵਿੱਚ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਸੀ, ਪਰ ਅਦਾਲਤ ਵਿੱਚ ਆਪਣਾ ਅਪਰਾਧ ਕਬੂਲ ਕਰਨ ਮਗਰੋਂ ਉਸ ਨੂੰ 9 ਸਾਲ ਦੀ ਕੈਦ ਸੁਣਾਈ ਗਈ। ਉਸ ਦੇ ਸਾਥੀ ਰਣਜੀਤ ਸਿੰਘ ਰੋਵਾਲ ਨੂੰ 37 ਮਹੀਨੇ ਦੀ ਕੈਦ ਮਿਲੀ ਹੈ। ਦੋਵੇਂ ਮੁਲਜ਼ਮ ਭਾਰਤੀ ਨਾਗਰਿਕ ਅਤੇ ਕੈਨੇਡਾ ਦੇ ਪਰਮਾਨੈਂਟ ਰੈਜ਼ੀਡੈਂਟ ਹਨ। ਅਮਰੀਕੀ ਕਾਨੂੰਨ ਤਹਿਤ ਸਜ਼ਾ ਪੂਰੀ ਹੋਣ ਮਗਰੋਂ ਵਿਰਕ ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕੀਤਾ ਜਾਵੇਗਾ।
